ਲੋਕ ਸਭਾ ਚੋਣਾਂ ਵਿੱਚ ਜਲੰਧਰ ਤੋਂ ਚੌਧਰੀ ਪਰਿਵਾਰ ਨੂੰ ਟਿਕਟ ਨਾਂ ਮਿਲਣ ਕਾਰਨ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਵਿੱਚ ਠਣੀ ਹੋਈ ਹੈ। ਦੋਵੇਂ ਲੀਡਰ ਇਕ ਦੂਜੇ ਵਿਰੁਧ ਸਖਤ ਬਿਆਨ ਵੀ ਦੇ ਚੁੱਕੇ ਹਨ। ਵਿਕਰਮਜੀਤ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਕੀਤੇ ਵਿਵਹਾਰ ਨੂੰ ਲੈ ਕੇ ਇਤਰਾਜ ਜਤਾਇਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਲਿਖਣਗੇ।
ਚੌਧਰੀ ਨੇ ਮੰਗ ਕੀਤੀ ਕਿ ਬੀਬੀ ਜਗੀਰ ਕੌਰ ਨਾਲ ਕੀਤੇ ਅਜਿਹੇ ਵਿਵਹਾਰ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਚੰਨੀ ਨੂੰ ਤਲਬ ਕਰਨ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਢੁਕਵੀਂ ਸਜ਼ਾ ਦੇਣ। ਚੌਧਰੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਕਈ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਉਨ੍ਹਾਂ ਨਾਲ ਅਜਿਹਾ ਵਿਵਹਾਰ ਲੋਕਾਂ ਦੇ ਸਾਹਮਣੇ ਠੀਕ ਨਹੀਂ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਚੰਨੀ ਨੂੰ ਤਨਖਾਹ ਲਗਾਉਣ।
ਚੌਧਰੀ ਨੇ ਕਿਹਾ ਕਿ ਚੰਨੀ ਵਿਰੁਧ ਧਾਰਾ 295ਏ ਅਤੇ ਧਾਰਾ 354ਏ ਤਹਿਤ ਕਾਰਾਵਾਈ ਹੋਣੀ ਚਾਹਿਦੀ ਹੈ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਵੀ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਚੌਧਰੀ ਨੇ ਕਿਹਾ ਕੀ ਬੀਬੀ ਜਗੀਰ ਕੌਰ ਇੱਕ ਅੰਮ੍ਰਿਤਧਾਰੀ ਔਰਤ ਹੈ, ਉਨ੍ਹਾਂ ਨਾਲ ਅਜਿਹਾ ਵਿਹਾਰ ਸਹੀ ਨਹੀਂ ਹੈ।
ਚੌਧਰੀ ਨੇ ਚੰਨੀ ਉੱਤੇ ਸਖਤ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਭਾਂਵੇ ਚੰਨੀ ਨੂੰ ਦਲਿਤ ਚਿਹਰੇ ਕਰਕੇ ਲੋਕਾਂ ਵਿੱਚ ਲਿਜਾ ਰਹੀ ਹੈ ਪਰ ਉਸ ਵੱਲੋਂ ਅਜਿਹੇ ਵਿਹਵਾਰ ਕਈ ਵਾਰ ਕੀਤੇ ਗਏ ਹਨ, ਜਿਸ ਕਾਰਨ ਉਹ ਦਲਿਤ ਸਮਾਜ ‘ਤੇ ਕਲੰਕ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਜਲੰਧਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੀਬੀ ਜਗੀਰ ਕੌਰ ਮਹਿੰਦਰ ਸਿੰਘ ਕੇਪੀ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਏ ਹੋਏ ਸਨ, ਜਿੱਥੇ ਇਨ੍ਹਾਂ ਦੀ ਮੁਲਾਕਾਤ ਹੋਈ ਸੀ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਈ ਸੀ।