ਬਿਉਰੋ ਰਿਪੋਰਟ : ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਜਲੰਧਰ ਵਿੱਚ ਈਡੀ ਦਫ਼ਤਰ ਵਿੱਚ ਪੁੱਛ-ਗਿੱਛ ਹੋ ਰਹੀ ਹੈ । ਉਨ੍ਹਾਂ ਤੋਂ ਮੰਨੀ ਲਾਂਡਰਿੰਗ ਕੇਸ ਵਿੱਚ ਸਵਾਲ ਜਵਾਬ ਹੋ ਰਹੇ ਹਨ । ED ਨੇ ਇੱਕ ਦਿਨ ਪਹਿਲਾਂ ਹੀ ਕੁਲਵੰਤ ਸਿੰਘ ਨੂੰ ਸੰਮਨ ਦੇਕੇ ਪੁੱਛ-ਗਿੱਛ ਲਈ ਬੁਲਾਇਆ ਸੀ ।
ਸੂਤਰਾਂ ਮੁਤਾਬਿਕ ਵਿਧਾਇਕ ਕੁਲਵੰਤ ਸਿੰਘ ਦੇ ਡਰੱਗ ਸਰਗਨਾ ਅਕਸ਼ੇ ਛਾਬੜਾ ਨਾਲ ਲਿੰਕ ਹਨ। ਨਵੰਬਰ 2022 ਵਿੱਚ ਅਕਸ਼ੇ ਛਾਬੜਾ ਨੂੰ 20 ਕਿਲੋ ਹੈਰੋਈਨ ਦੇ ਨਾਲ ਫੜਿਆ ਗਿਆ ਸੀ। ED ਨੂੰ ਕੁਝ ਸਬੂਤ ਮਿਲੇ ਸਨ, ਜਿਸ ਵਿੱਚ ਸ਼ੱਕ ਹੈ ਕਿ ਨਸ਼ਾ ਸਮੱਗਲਰਾਂ ਦਾ ਪੈਸਾ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਲਈ ਵਰਤਿਆ ਜਾ ਰਿਹਾ ਹੈ ।
3 ਮਹੀਨੇ ਪਹਿਲਾਂ ਹੋਈ ਸੀ ਰੇਡ
ਇਸ ਤੋਂ ਪਹਿਲਾਂ 31 ਅਕਤੂਬਰ 2023 ਨੂੰ ਕੁਲਵੰਤ ਸਿੰਘ ਦੇ ਘਰ ED ਨੇ ਰੇਡ ਕੀਤੀ ਸੀ । ਜਦੋਂ ED ਨੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਰੇਡ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਘੁਟਾਲੇ ਨੂੰ ਲੈਕੇ ਕੀਤੀ ਗਈ ਹੈ । ਕੁਲਵੰਤ ਸਿੰਘ ਦੇ ਘਰ ਰੇਡ ਦੇ ਨਾਲ ਅੰਮ੍ਰਿਤਸਰ,ਲੁਧਿਆਣਾ ਅਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਘੰਟੇ ਤੱਕ ਸਰਚ ਚੱਲੀ ਸੀ।
ਰਾਜਪਾਲ ਨੇ ਵੀ ਚੁੱਕੇ ਸਨ ਸਵਾਲ
ਵਿਧਾਇਕ ਕੁਲਵੰਤ ਸਿੰਘ ਚੋਣ ਕਮਿਸ਼ਨ ਨੂੰ ਸੌਂਪੇ ਹਲਫਨਾਮੇ ਮੁਤਾਬਿਕ ਪੰਜਾਬ ਦੇ ਸਭ ਤੋਂ ਅਮੀਰ ਸਿਆਸਤਦਾਨ ਹਨ । ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁਲਵੰਤ ਸਿੰਘ ਦੀ ਕੰਪਨੀ JLPL ਦੇ ਪ੍ਰੋਜੈਕਟਰਾਂ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਜਵਾਬ ਮੰਗਿਆ ਸੀ ਕਿ ਉਨ੍ਹਾਂ ਦੇ ਆਪਣੇ ਵਿਧਾਇਕ ਹੀ ਗੈਰ ਕਾਨੂੰਨੀ ਤਰੀਕੇ ਨਾਲ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ ਹਨ ।