‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸੰਕਟ ਨਾਲ ਨਜਿੱਠਣ ਲਈ ਚਲਾਏ ਜਾ ਰਹੇ “ਮਿਸ਼ਨ ਫ਼ਤਿਹ” ਇੱਕ ਵੱਡੀ ਮੁਹਿੰਮ ਹੈ, ਜਿਸ ਵਿੱਚ ਸਭ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ’ ਅਨੁਸ਼ਾਸਨ, ਸਹਿਯੋਗ ਤੇ ਹਮਦਰਦੀ ਜ਼ਰੀਏ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੰਜਾਬ ਵਾਸੀਆਂ ਦੀ ਹੌਂਸਲੇ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸਰਹਿੰਦ ਦੇ ਵਾਰਡ ਨੰਬਰ 16 ਵਿੱਚ ਕੱਲ੍ਹ ਇਮਿਊਨਿਟੀ ਵਧਾਉਣ ਲਈ ਹੋਮਿਓਪੈਥਿਕ ਦਵਾਈ ਘਰ-ਘਰ ਵੰਡੀ ਗਈ। ਵਿਧਾਇਕ ਨੇ ਕਿਹਾ ਕਿ ਇਹ ਦਵਾਈ ਵਿਅਕਤੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੀ ਹੈ ਤੇ ਇਸ ਦਾ ਸਰੀਰ ‘ਚ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਐਚ.ਐਮ.ਓ ਡਾ. ਮਨਵਿੰਦਰ ਕੌਰ ਤੇ ਐਡਵੋਕੇਟ ਗੁਰਜੀਤ ਸਿੰਘ ਲੌਂਗੀ ਨੇ ਘਰ-ਘਰ ਜਾ ਕੇ ਇਹ ਦਵਾਈ ਵੰਡੀ ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਜਾਗਰੂਕ ਕੀਤਾ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਅਨੁਸ਼ਾਸਨ ਵਿੱਚ ਰਹਿ ਕੇ ਸਾਰੇ ਇਹਤਿਆਤ ਵਰਤਣ ਤੇ ਰਾਜ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।