‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਜੰਮੂ ਵਿੱਚ ਦੋ ਸਿੱਖ ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਮਾਮਲਾ ਬਹੁਤ ਭਖ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਪਰ ਹੁਣ ਕਸ਼ਮੀਰੀ ਸਿੱਖ ਕੁੜੀ ਦਮਨਮੀਤ ਕੌਰ, ਜੋ ਇਨ੍ਹਾਂ ਦੋਵਾਂ ਸਿੱਖ ਕੁੜੀਆਂ ਵਿੱਚੋਂ ਇੱਕ ਹੈ, ਉਸਨੇ ਇੱਕ ਵੀਡੀਓ ਬਣਾ ਕੇ ਕਿਹਾ ਕਿ ‘ਮੈਂ 2012 ਵਿੱਚ ਧਰਮ ਪਰਿਵਰਤਨ ਕੀਤਾ ਹੈ ਅਤੇ 2014 ਵਿੱਚ ਮੇਰਾ ਨਿਕਾਹ ਹੋਇਆ ਹੈ, ਜੋ ਕਿ ਮੇਰਾ ਬੈਚਮੇਟ (ਜਮਾਤੀ) ਹੈ। ਇਹ ਨਿਕਾਹ ਸਾਡੀ ਦੋਵਾਂ ਦੀ ਰਜ਼ਾਮੰਦੀ ਦੇ ਨਾਲ ਹੋਇਆ ਹੈ।
ਉਸ ਤੋਂ ਬਾਅਦ 6 ਜੂਨ 2021 ਨੂੰ ਮੈਂ ਆਪਣੇ ਘਰ ਤੋਂ ਨਿਕਲੀ ਅਤੇ ਮੈਂ ਆਪਣੇ ਘਰ ਫੋਨ ਵੀ ਕੀਤਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਨਿਕਲੀ ਹਾਂ, ਇਸ ਲਈ ਮੈਨੂੰ ਨਾ ਲੱਭਿਆ ਜਾਵੇ। ਪਰ ਦੋ ਘੰਟਿਆਂ ਦੇ ਅੰਦਰ ਪੁਲਿਸ ਨੇ ਮੈਨੂੰ ਲੱਭ ਲਿਆ ਅਤੇ ਥਾਣੇ ਲੈ ਆਏ, ਜਿੱਥੇ ਮੇਰਾ ਪਰਿਵਾਰ ਅਤੇ ਸਿੱਖ ਭਾਈਚਾਰੇ ਦੇ ਕੁੱਝ ਲੋਕ ਮੌਜੂਦ ਸਨ। ਐੱਸਐੱਚਓ ਮੇਰਾ ਬਿਆਨ ਜ਼ੁਬਾਨੀ ਲੈ ਰਿਹਾ ਸੀ, ਇਸ ਲਈ ਮੈਂ ਉਸਨੂੰ ਕਿਹਾ ਕਿ ਉਹ ਮੇਰਾ ਲਿਖਤੀ ਬਿਆਨ ਲੈਣ। ਮੈਂ ਉਨ੍ਹਾਂ ਨੂੰ ਸਾਰਾ ਕੁੱਝ ਦੱਸਿਆ। ਮੈਂ ਉਨ੍ਹਾਂ ਨੂੰ ਹਾਈਕੋਰਟ ਦੇ ਦਸਤਾਵੇਜ਼ ਵੀ ਦਿਖਾਏ ਪਰ ਇਸਦੇ ਬਾਵਜੂਦ ਵੀ ਲੜਕੇ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ 29 ਸਾਲਾ ਲੜਕੀ ਹਾਂ, ਕੋਈ ਛੋਟੀ ਬੱਚੀ ਨਹੀਂ ਹਾਂ ਜੋ ਤੁਸੀਂ ਮੈਨੂੰ ਫੜ੍ਹ ਕੇ ਮੇਰੇ ਪਰਿਵਾਰ ਦੇ ਹਵਾਲੇ ਕਰ ਦਿਉਗੇ ਪਰ ਉਨ੍ਹਾਂ ਨੇ ਮੈਨੂੰ ਮੇਰੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਅਗਲੇ ਦਿਨ ਹੀ ਮੇਰਾ ਪਰਿਵਾਰ ਮੈਨੂੰ ਜੰਮੂ ਲੈ ਗਿਆ। ਜੰਮੂ ਜਾਂਦਿਆਂ ਹੀ ਮੈਨੂੰ ਪੰਜਾਬ ਲਿਜਾਇਆ ਗਿਆ। ਪੰਜਾਬ ਵਿੱਚ ਮੈਨੂੰ ਅਲੱਗ-ਅਲੱਗ ਸੰਸਥਾਵਾਂ ਮਿਲਣ ਆਈਆਂ, ਉਨ੍ਹਾਂ ਵੱਲੋਂ ਮੇਰਾ Brain wash ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਮੈਨੂੰ ਇਹੀ ਕਹਿ ਰਹੇ ਸੀ ਕਿ ਮੈਂ ਆਪਣਾ ਬਿਆਨ ਲੜਕੇ ਦੇ ਖਿਲਾਫ ਦੇਵਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਲੜਕੇ ‘ਤੇ ਲਾਏ ਗਏ ਸਾਰੇ ਦੋਸ਼ ਗਲਤ ਹਨ, ਸਾਰਾ ਕੁੱਝ ਮੇਰੀ ਰਜ਼ਾਮੰਦੀ ਦੇ ਨਾਲ ਹੋਇਆ ਹੈ। ਇਸਦੇ ਬਾਵਜੂਦ ਵੀ ਉਹ ਮੈਨੂੰ ਧਮਕੀਆਂ ਦੇਣ ਲੱਗ ਪਏ ਕਿ ਜੇਕਰ ਤੁਸੀਂ ਲੜਕੇ ਦੇ ਹੱਕ ਵਿੱਚ ਬਿਆਨ ਦਿੱਤਾ ਤਾਂ ਸਾਡੇ ਸ਼ੂਟਰ ਬਾਹਰ ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ ਅਤੇ ਤੁਹਾਡੇ ਨਿਕਲਦਿਆਂ ਹੀ ਤੁਹਾਨੂੰ ਸ਼ੂਟ ਕਰ ਦਿੱਤਾ ਜਾਵੇਗਾ ਜਾਂ ਫਿਰ ਤੁਹਾਡੇ ‘ਤੇ ਐਸਿਡ ਅਟੈਕ ਕੀਤਾ ਜਾਵੇਗਾ। ਪਰ ਇਨ੍ਹਾਂ ਧਮਕੀਆਂ ਦੇ ਬਾਵਜੂਦ ਵੀ ਮੈਂ ਉਨ੍ਹਾਂ ਨੂੰ ਆਪਣੀ ਗੱਲ ਦੁਹਰਾਈ।
ਉਨ੍ਹਾਂ ਦਾ ਅਗਲਾ ਪਲਾਨ ਸੀ ਕਿ ਲੜਕੀ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢੋ ਅਤੇ ਜਦੋਂ ਹੀ ਉਹ ਬਾਹਰ ਨਿਕਲੇਗੀ ਤਾਂ ਅਸੀਂ ਉਸ ‘ਤੇ ਅਟੈਕ ਕਰ ਦਿਆਂਗੇ। ਉਸ ਤੋਂ ਬਾਅਦ ਅਸੀਂ ਇੱਕ ਪੋਸਟ ਮਾਰਟਮ ਰਿਪੋਰਟ ਦੇਵਾਂਗੇ ਜਿਸ ਵਿੱਚ ਅਸੀਂ ਇਹ ਸਪੱਸ਼ਟ ਕਰਾਂਗੇ ਕਿ ਇਹ ਇੱਕ ਅਚਾਨਕ ਹੋਈ ਮੌਤ ਹੈ। ਇਹ ਚੀਜ਼ ਮੈਂ ਸੁਣ ਲਈ ਸੀ ਅਤੇ ਮੈਂ ਆਪਣੇ ਪਰਿਵਾਰ ਨੂੰ ਕਿਹਾ ਕਿ ਸਾਨੂੰ ਇੱਥੇ ਨਹੀਂ ਰਹਿਣਾ, ਜੋ ਵੀ ਮੇਰੀ ਸਟੇਟਮੈਂਟ ਚਾਹੀਦੀ ਹੈ, ਉਹ ਮੈਂ ਜੰਮੂ ਵਿੱਚ ਦੇਵਾਂਗੀ, ਪੰਜਾਬ ਵਿੱਚ ਮੈਂ ਕੋਈ ਸਟੇਟਮੈਂਟ ਨਹੀਂ ਦੇਵਾਂਗੀ। ਉਸ ਤੋਂ ਬਾਅਦ ਅਸੀਂ ਜੰਮੂ ਆ ਗਏ।
ਜੰਮੂ ਆਉਂਦਿਆਂ ਹੀ 25 ਜੂਨ ਨੂੰ ਸਵੇਰੇ ਹੀ ਮੇਰੇ ਪਰਿਵਾਰ ਨੂੰ ਫੋਨ ਆਇਆ ਕਿ ਅਸੀਂ ਕਸ਼ਮੀਰ ਪੁਲਿਸ ਤੋਂ ਹਾਂ ਅਤੇ ਤੁਹਾਡੇ ਗੇਟ ਦੇ ਬਾਹਰ ਹਾਂ, ਤੁਸੀਂ ਆਉ। ਮੇਰੇ ਪਰਿਵਾਰ ਤੋਂ ਦੋ ਬੰਦੇ ਉਨ੍ਹਾਂ ਨੂੰ ਮਿਲਣ ਗਏ। ਉਸ ਤੋਂ ਬਾਅਦ ਉਹ ਮੇਰੇ ਕਮਰੇ ਵਿੱਚ ਆਏ ਅਤੇ ਮੈਨੂੰ ਜਾਨੀਪੁਰ ਪੁਲਿਸ ਸਟੇਸ਼ਨ ਲੈ ਕੇ ਗਏ। ਉਸ ਤੋਂ ਬਾਅਦ ਜਾਨੀਪੁਰ ਐੱਸਐੱਚਓ ਨੇ ਮੈਨੂੰ ਕਸ਼ਮੀਰ ਪੁਲਿਸ ਦੇ ਹਵਾਲੇ ਕੀਤਾ। ਮੈਨੂੰ ਔਰਤ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਅਗਲੇ ਦਿਨ ਸਦਰ ਥਾਣੇ ਤੋਂ ਪੁਲਿਸ ਦੀ ਗੱਡੀ ਮੈਨੂੰ ਕੋਰਟ ਲੈ ਕੇ ਗਈ। ਮੇਰੀ ਸੁਣਵਾਈ ਤਿੰਨ ਵਾਰ ਮੁਲਤਵੀ ਹੁੰਦੀ ਗਈ। ਕੋਰਟ ਵਿੱਚ ਜੱਜ ਦੇ ਸਾਹਮਣੇ ਮੈਂ ਆਪਣਾ ਬਿਆਨ ਦਿੱਤਾ। ਉਨ੍ਹਾਂ ਨੇ ਮੇਰੇ ਬਿਆਨ ਨੂੰ ਨੋਟ ਕਰ ਲਿਆ। ਲੜਕੀ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕ੍ਰਿਪਾ ਕਰਕੇ ਇਸਨੂੰ ਸਿੱਖ ਭਾਈਚਾਰੇ ਦਾ ਮੁੱਦਾ ਨਾ ਬਣਾਇਆ ਜਾਵੇ ਕਿਉਂਕਿ ਇਹ ਸਭ ਮੇਰੀ ਮਰਜ਼ੀ ਦੇ ਨਾਲ ਹੋਇਆ ਹੈ। ਮੈਂ ਆਪਣੀ ਮਰਜ਼ੀ ਦੇ ਨਾਲ ਧਰਮ ਪਰਿਵਰਤਨ ਕੀਤਾ ਹੈ ਅਤੇ ਇਹ ਦੋ-ਤਿੰਨ ਦਿਨਾਂ ਦਾ ਮਸਲਾ ਨਹੀਂ ਹੈ, ਇਹ 2012 ਦਾ ਮਸਲਾ ਹੈ। ਧਰਮ ਦੇ ਨਾਂ ‘ਤੇ ਇਹ ਦੰਗੇ ਨਾ ਕਰਵਾਏ ਜਾਣ ਅਤੇ ਮੈਂ ਜਿੱਥੇ ਵੀ ਹਾਂ, ਖੁਸ਼ ਹਾਂ, ਮੈਂ ਗੁੰਮ ਨਹੀਂ ਹਾਂ’।