Punjab

ਲਾਪਤਾ PRTC ਕੰਡਕਟਰ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਸਭ ਦੇ ਉੱਡੇ ਹੋਸ਼

ਭਵਾਨੀਗੜ੍ਹ: ਪਿੰਡ ਬਾਲਦ ਕਲਾਂ ਵਿੱਚ PRTC ਦਾ ਇੱਕ ਨੌਜਵਾਨ ਕੰਡਕਟਰ ਪਿਛਲੇ 3-4 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਹੁਣ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਇਸ ਨੌਜਵਾਨ ਦੀ ਭਾਲ ਲਈ ਬਹੁਤ ਜੱਦੋਜਹਿਦ ਕੀਤੀ ਜਾ ਰਹੀ ਸੀ ਪਰ ਹੁਣ ਉਸ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਰਿਪੋਰਟ ਵੀ ਦਰਜ ਕਰਵਾਈ ਸੀ ਤੇ ਸੋਸ਼ਲ ਮੀਡੀਆ ’ਤੇ ਵੀ ਉਸ ਦੇ ਲਾਪਤਾ ਹੋਣ ਸਬੰਧੀ ਪੋਸਟ ਸਾਂਝੀ ਕੀਤੀ ਸੀ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।

ਮ੍ਰਿਤਕ ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਹਰਮੇਲ ਸਿੰਘ ਵਜੋਂ ਹੋਈ ਹੈ। ਉਸ ਦੇ ਭਰਾ ਗੁਰਚਰਨ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪਿਛਲੇ ਤਿੰਨ-ਚਾਰ ਦਿਨ ਪਹਿਲਾਂ ਘਰੋਂ ਤਿਆਰ ਹੋ ਕੇ ਡਿਊਟੀ ’ਤੇ ਗਿਆ ਸੀ। ਪਰ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਪਤਾ ਚੱਲਿਆ ਕਿ ਉਹ ਡਿਊਟੀ ’ਤੇ ਪਹੁੰਚਿਆ ਹੀ ਨਹੀਂ ਸੀ। ਉਸ ਦੀ ਭਾਲ ਦੌਰਾਨ ਉਸ ਦੀ ਲਾਸ਼ ਸੂਲਰ ਘਰਾਟ ਨੇੜੇ ਨੀਲੋਵਾਲ ਨਹਿਰ ਵਿਚੋਂ ਮਿਲੀ ਹੈ, ਜਦੋਂ ਕਿ ਉਸ ਦਾ ਕੰਡਕਟਰ ਵਾਲਾ ਬੈਗ ਉਸ ਦੇ ਲਾਪਤਾ ਹੋਣ ਤੋਂ ਬਾਅਦ ਬੀਤੇ ਦਿਨੀ ਬਾਲਦ ਕੈਂਚੀਆਂ ਨੇੜਿਓ ਮਿਲਿਆ ਸੀ।

ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ PRTC ਦੇ ਬਠਿੰਡਾ ਡਿਪੂ ’ਚ ਬਤੌਰ ਕੰਡਕਟਰ ਨੌਕਰੀ ਕਰਦੇ ਪਰਮਜੀਤ ਸਿੰਘ ਦੀ ਲਾਸ਼ ਨਹਿਰ ਵਿਚੋਂ ਮਿਲਣ ਉਪਰੰਤ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਵੱਲੋਂ ਪਰਮਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਸੂਚਨਾ ਤੋਂ ਬਾਅਦ ਪੁਲਿਸ ਵਲੋਂ ਹੁਣ ਤੱਕ ਕੀਤੀ ਜਾਂਚ ਅਨੁਸਾਰ ਪਰਮਜੀਤ ਸਿੰਘ ਲਾਪਤਾ ਹੋਣ ਵਾਲੇ ਦਿਨਾਂ ਵਿੱਚ ਆਪਣੀ ਭੂਆ ਕੋਲ ਭਲਵਾਨ ਵਿਖੇ ਗਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਭੂਆ ਕੋਲੋਂ ਵਾਪਸ ਆ ਕੇ ਪਰਮਜੀਤ ਸਿੰਘ ਨੇ ਬਾਲਦ ਕੈਂਚੀਆਂ ਵਿਖੇ ਇੱਕ ਸੈਲੂਨ ਤੋਂ ਆਪਣੇ ਵਾਲ ਦੀ ਕਟਿੰਗ ਵੀ ਕਰਵਾਈ ਜਿਸ ਤੋਂ ਬਾਅਦ ਉਸ ਦਾ ਕੰਡਕਟਰ ਵਾਲਾ ਪੈਸਿਆਂ ਵਾਲਾ ਬੈਗ ਵੀ ਬਾਲਦ ਕੈਂਚੀਆਂ ਨੇੜੇ ਹੀ ਡਿੱਗਿਆ ਹੋਇਆ ਮਿਲਿਆ। ਹੁਣ ਉਸ ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਬਦਨਾਮ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ