Punjab

ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਘਿਰੀ ਮੁਸ਼ਕਿਲਾਂ ‘ਚ

ਅਦਾਕਾਰ ਉਪਾਸਨਾ ਸਿੰਘ ਨੇ ਅਦਾਲਤ ‘ਚ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ

ਦ ਖ਼ਾਲਸ ਬਿਊਰੋ : ਖਰੜ ਦੀ ਪੰਜਾਬਣ ਕੁੜੀ ਅਤੇ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਕਥਿਤ ਤੌਰ ‘ਤੇ ਹਸਤਾਖਰਤ ਸਮਝੌਤੇ ਅਨੁਸਾਰ ਆਉਣ ਵਾਲੀ ਪੰਜਾਬੀ ਕਾਮੇਡੀ ਫਿਲਮ “ਬਾਈ ਜੀ ਕੁੱਟਣਗੇ” ਦੇ ਪ੍ਰਮੋਸ਼ਨ ਲਈ ਨਾ ਆਉਣ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ।  ਪੰਜਾਬੀ ਕਾਮੇਡੀ ਫਿਲਮ “ਬਾਈ ਜੀ ਕੁੱਟਣਗੇ” ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫਿਲਮ ਹੈ। ਉੱਘੀ ਪੰਜਾਬੀ ਅਭਿਨੇਤਰੀ ਅਤੇ ਕਾਮੇਡੀਅਨ ਉਪਾਸਨਾ ਸਿੰਘ ਜੋ ਇਸ ਫਿਲਮ ਦੀ ਨਿਰਮਾਤਾ ਹੈ, ਨੇ ਹਰਨਾਜ਼ ਸੰਧੂ ਖਿਲਾਫ ਅਦਾਲਤ ਦਾ ਰੁਖ ਕੀਤਾ ਹੈ।

ਮਿਸ ਯੂਨੀਵਰਸ 2021 ਹਰਨਾਜ਼ ਸੰਧੂ

ਉਪਾਸਨਾ ਸਿੰਘ ਨੇ ਕਿਹਾ, ”ਮੇਰੇ 30 ਸਾਲਾਂ ਦੇ ਕਰੀਅਰ ‘ਚ ਇਹ ਪਹਿਲੀ ਵਾਰ ਹੈ, ਜਦੋਂ ਮੈਨੂੰ ਕਿਸੇ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਕਰਨਾ ਪਿਆ ਹੈ। “ਮੈਂ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹੀ ਆਪਣੀ ਫਿਲਮ ‘ਚ ਡੈਬਿਊ ਕਰਨ ਦਾ ਮੌਕਾ ਦਿੱਤਾ ਸੀ। ਉਪਾਸਨਾ ਸਿੰਘ ਨੇ ਕਿਹਾ, ਇਕਰਾਰਨਾਮੇ ਮੁਤਾਬਕ ਹਰਨਾਜ਼ ਸੰਧੂ ਨਾ ਤਾਂ ਉਹਦਾ ਫੋਨ ਚੁੱਕ ਰਹੀ ਹੈ ਅਤੇ ਨਾ ਹੀ ਸੁਨੇਹੇ ਦਾ ਜਵਾਬ ਦੇ ਰਹੀ ਹੈ, ਅਤੇ ਨਾ ਹੀ ਮੇਰੀ ਟੀਮ ਦੁਆਰਾ ਭੇਜੀ ਗਈ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ।

ਅਦਾਕਾਰ ਉਪਾਸਨਾ ਸਿੰਘ

ਉਪਾਸਨਾ ਸਿੰਘ ਨੇ ਪੱਤਰਕਾਰਾਂ ਦੇ ਸਾਹਮਣੇ ਭਾਵੁਕ ਹੁੰਦਿਆਂ ਕਿਹਾ ਕਿ, ਉਹ ਹਰਨਾਜ਼ ਸੰਧੂ ਨੂੰ ਆਪਣੀ ਧੀ ਵਾਂਗ ਸਮਝਦੀ ਸੀ ਅਤੇ ਉਸ ਨੂੰ ਅਦਾਕਾਰੀ ਦੀ ਸਿਖਲਾਈ ਵੀ ਦਿੱਤੀ ਸੀ। ਇਹ ਫਿਲਮ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਤੇ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿਚ ਕੇਸ ਦਰਜ ਕਰਵਾਇਆ ਹੈ। ਉਪਾਸਨਾ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਿਸ ਯੂਨੀਵਰਸ ਹਰਨਾਜ਼ ਸੰਧੂ ਉਸਦੇ ਪਹਿਲਾਂ ਬੁੱਕ ਕੀਤੇ ਪ੍ਰੋਗਰਾਮ ‘ਤੇ ਨਹੀਂ ਪਹੁੰਚ ਰਹੀ ਹੈ।