India Punjab

ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਲਈ ਫੂਕਿਆ ਬਿਗਲ! ਮਿਸਲ ਸਤਲੁਜ ਵੱਲੋਂ ‘ਪੂਰਾ ਪੰਜਾਬ’ ਮੁਹਿੰਮ ਦਾ ਆਗਾਜ਼

ਬਿਊਰੋ ਰਿਪੋਰਟ (ਚੰਡੀਗੜ੍ਹ, 26 ਜਨਵਰੀ 2026): ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਹੇ ਲਗਾਤਾਰ ਵਿਤਕਰੇ ਦੇ ਵਿਰੋਧ ਵਿੱਚ ਮਿਸਲ ਸਤਲੁਜ ਵੱਲੋਂ ਅੱਜ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪ੍ਰਮੁੱਖ ਸਥਾਨ ਮਟਕਾ ਚੌਕ ਅਤੇ ਸੈਕਟਰ-17 ਪਲਾਜ਼ਾ ਤੋਂ ‘ਪੂਰਾ ਪੰਜਾਬ’ ਮੁਹਿੰਮ ਦਾ ਅਧਿਕਾਰਕ ਤੌਰ ‘ਤੇ ਆਗਾਜ਼ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਅੱਜ ਤੋਂ ਲਗਭਗ 40 ਸਾਲ ਪਹਿਲਾਂ ਇਸੇ ਦਿਨ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਣਾ ਸੀ, ਪਰ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਜੇ ਤੱਕ ਵੀ ਕਾਗਜ਼ਾਂ ਤੱਕ ਹੀ ਸੀਮਿਤ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਿਰਫ਼ ਇੱਕ ਪ੍ਰਸ਼ਾਸਕੀ ਸ਼ਹਿਰ ਨਹੀਂ, ਸਗੋਂ ਪੰਜਾਬ ਦੀ ਰਾਜਨੀਤਿਕ, ਸੰਵੈਧਾਨਕ ਅਤੇ ਇਤਿਹਾਸਕ ਅਤੇ ਸੱਭਿਆਚਾਰਕ ਪਛਾਣ ਹੈ।

ਉਨ੍ਹਾਂ ਦੱਸਿਆ ਕਿ ‘ਪੂਰਾ ਪੰਜਾਬ’ ਮੁਹਿੰਮ ਦਾ ਮਕਸਦ ਪੰਜਾਬ ਦੇ ਹੱਕਾਂ ਨੂੰ ਮੁੜ ਕੇਂਦਰੀ ਮੰਚ ‘ਤੇ ਲਿਆਉਣਾ ਅਤੇ ਚੰਡੀਗੜ੍ਹ, ਪਾਣੀਆਂ, ਸਰੋਤਾਂ ਅਤੇ ਸੰਵੈਧਾਨਕ ਅਧਿਕਾਰਾਂ ਸਬੰਧੀ ਪੰਜਾਬ ਨਾਲ ਹੋ ਰਹੀ ਨਾਇਨਸਾਫ਼ੀ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨਾ ਹੈ। ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ, ਕਸਬੇ ਅਤੇ ਪਿੰਡ ਤੱਕ ਲੈ ਜਾਈ ਜਾਵੇਗੀ।

ਸਰਦਾਰ ਅਜੇਪਾਲ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਕਿਸੇ ਇੱਕ ਸੰਗਠਨ ਜਾਂ ਵਰਗ ਦੀ ਨਹੀਂ, ਸਗੋਂ ਪੂਰੀ ਕੌਮ ਦੀ ਸਾਂਝੀ ਲੜਾਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਦ ਤੱਕ ਚੰਡੀਗੜ੍ਹ ਸਬੰਧੀ ਪੰਜਾਬ ਦੇ ਹੱਕ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਤਦ ਤੱਕ ਮਿਸਲ ਸਤਲੁਜ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗੀ।

ਮਿਸਲ ਸਤਲੁਜ ਨੇ ਪੰਜਾਬ ਦੀਆਂ ਸਮੂਹ ਪੰਥਕ, ਸਮਾਜਿਕ ਅਤੇ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਪੰਜਾਬ ਦੇ ਹੱਕਾਂ ਲਈ ਇੱਕਜੁੱਟ ਅਵਾਜ਼ ਬਣਨ।