India Punjab

ਭਾਰਤ ‘ਚ ਬੰਦ ਹੋਏ ਯੂਟਿਊਬ ਚੈਨਲਾਂ ਨੇ ਕਿਹੜੀ ਗਲਤੀ ਕੀਤੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਜਾਅਲੀ ਖਬਰਾਂ ਦੇਣ ਦੇ ਇਲਜ਼ਾਮ ‘ਚ ਸਖ਼ਤ ਕਦਮ ਚੁੱਕਦਿਆਂ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਤਿੰਨ ਟਵਿੱਟਰ ਖਾਤੇ, ਇੱਕ ਫੇਸਬੁੱਕ ਅਕਾਊਂਟ ਅਤੇ ਇੱਕ ਨਿਊਜ਼ ਵੈੱਬਸਾਈਟ ਨੂੰ ਵੀ ਬਲਾਕ ਕੀਤਾ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੈਨਲਾਂ ਉੱਤੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਗਲਤ ਜਾਣਕਾਰੀਆਂ ਫੈਲਾਉਣ ਲਈ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। 22 ਚੈਨਲਾਂ ਵਿੱਚੋਂ 18 ਭਾਰਤੀ ਯੂਟਿਊਬ ਨਿਊਜ਼ ਚੈਨਲ ਹਨ ਅਤੇ ਚਾਰ ਪਾਕਿਸਤਾਨ ਆਧਾਰਿਤ ਯੂਟਿਊਬ ਨਿਊਜ਼ ਚੈਨਲ ਹਨ। ਮੰਤਰਾਲੇ ਨੇ ਦੋਸ਼ ਲਾਇਆ ਕਿ ਇਹ ਯੂਟਿਊਬ ਚੈਨਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਟੀਵੀ ਨਿਊਜ਼ ਚੈਨਲਾਂ ਦੇ ਲੋਗੋ ਵਰਤਦੇ ਸਨ।

ਮੰਤਰਾਲੇ ਨੇ IT Rules 2021 ਤਹਿਤ ਐਮਰਜੈਂਸੀ ਪਾਵਰ ਦਾ ਇਸੇਤਮਾਲ ਕਰਦਿਆਂ ਇਹ ਕਦਮ ਚੁੱਕਿਆ ਹੈ। ਬਲਾਕ ਕੀਤੇ ਗਏ ਯੂਟਿਊਬ ਚੈਨਲਾਂ ਨਾਲ ਕੁੱਲ 260 ਕਰੋੜ ਦਰਸ਼ਕ ਜੁੜੇ ਹੋਏ ਸਨ। ਮੰਤਰਾਲੇ ਨੇ ਦੋਸ਼ ਲਾਇਆ ਕਿ ਇਨ੍ਹਾਂ ਚੈਨਲਾਂ ਨੇ ਜੰਮੂ-ਕਸ਼ਮੀਰ, ਯੂਕਰੇਨ ਅਤੇ ਭਾਰਤੀ ਫੌਜ ਵਰਗੇ ਸੰਵੇਦਨਸ਼ੀਲ ਵਿਸ਼ਿਆਂ ‘ਤੇ ਸੋਸ਼ਲ ਮੀਡੀਆ ‘ਤੇ ਜਾਅਲੀ ਖਬਰਾਂ ਅਤੇ ਗਲਤ ਜਾਣਕਾਰੀ ਫੈਲਾਈ ਹੈ।

ਮੰਤਰਾਲੇ ਵੱਲੋਂ ਬੰਦ ਕੀਤੇ ਗਏ ਚੈਨਲਾਂ ਵਿੱਚ ਏਆਰਪੀ ਨਿਊਜ਼, ਏਓਪੀ ਨਿਊਜ਼, ਐੱਲਡੀਸੀ ਨਿਊਜ਼, ਸਰਕਾਰੀਬਾਬੂ, ਐੱਸਐੱਸ ਜ਼ੋਨ ਹਿੰਦੀ, ਸਮਾਰਟ ਨਿਊਜ਼, ਨਿਊਜ਼23 ਹਿੰਦੀ, ਆਨਲਾਈਨ ਖ਼ਬਰ, ਡੀਪੀ ਨਿਊਜ਼, ਪੀਕੇਬੀ ਨਿਊਜ਼, ਕਿਸਾਨ ਤੱਕ, ਬੋਰਾਨਾ ਨਿਊਜ਼, ਸਰਕਾਰੀ ਨਿਊਜ਼ ਅਪਡੇਟ, ਭਾਰਤ ਮੌਸਮ, ਆਰਜੇ ਜ਼ੋਨ, ਐਗਜ਼ਾਮ ਰਿਪੋਰਟ, ਡਿਜੀਟਲ ਗੁਰੂਕੁਲ, ਦਿਨ ਭਰ ਕੀ ਖਬਰੇਂ ਚੈਨਲ ਸ਼ਾਮਿਲ ਹਨ। ਇਸ ਤੋਂ ਇਲਾਵਾ ਪਾਕਿਸਤਾਨ ਆਧਾਰਿਤ ਚੈਨਲਾਂ ਵਿੱਚ ਦੁਨੀਆ ਮੇਰੀ ਆਗੇ, ਗੁਲਾਮ ਨਬੀ ਮਦਨੀ, ਹਕੀਕਤ ਟੀਵੀ ਅਤੇ ਹਕੀਕਤ ਟੀਵੀ 2.0 ਚੈਨਲ ਬਲਾਕ ਕੀਤੇ ਗਏ ਹਨ।

ਪਾਕਿਸਤਾਨੀ ਆਧਾਰਿਤ ਦੁਨੀਆ ਮੇਰੀ ਆਗੇ ਵੈੱਬਸਾਈਟ ਨੂੰ ਵੀ ਬਲਾਕ ਕੀਤਾ ਗਿਆ ਹੈ। ਗੁਲਾਮ ਨਬੀ ਮਦਨੀ, ਦੁਨੀਆ ਮੇਰੀ ਆਗੇ ਅਤੇ ਹਕੀਕਤ ਟੀਵੀ ਦੇ ਟਵਿੱਟਰ ਖਾਤੇ ਵੀ ਬੰਦ ਕੀਤੇ ਗਏ ਹਨ। ਦੁਨੀਆ ਮੇਰੀ ਆਗੇ ਦਾ ਫੇਸਬੁੱਕ ਪੇਸ ਵੀ ਬਲਾਕ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 21 ਜਨਵਰੀ ਨੂੰ ਕੇਂਦਰ ਸਰਕਾਰ ਨੇ 35 ਯੂਟਿਊਬ ਚੈਨਲਾਂ ਨੂੰ ਬਲਾਕ ਕੀਤਾ ਸੀ। ਮੰਤਰਾਲੇ ਨੇ ਮਿਲੀ ਖੁਫੀਆ ਸੂਚਨਾ ਦੇ ਆਧਾਰ ‘ਤੇ 35 ਯੂਟਿਊਬ ਚੈਨਲ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਾਂ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ ਅਤੇ ਇਨ੍ਹਾਂ ਉੱਤੇ ਝੂਠੀਆਂ ਭਾਰਤ ਵਿਰੋਧੀ ਖਬਰਾਂ ਤੇ ਹੋਰ ਸਮੱਗਰੀ ਫੈਲਾਉਣ ਦੇ ਦੋਸ਼ ਲੱਗੇ ਸਨ।