India International

ਕੁਵੈਤ ਹਾਦਸੇ ’ਚ ਮਾਰੇ ਗਏ ਭਾਰਤੀਆਂ ਦੀ ਨਹੀਂ ਹੋ ਰਹੀ ਪਛਾਣ, ਕਰਾਇਆ ਜਾਵੇਗਾ DNA ਟੈਸਟ, ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਤਿਆਰੀ

ਕੁਵੈਤ ਵਿੱਚ ਮਜ਼ਦੂਰਾਂ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ਵਿੱਚ 42 ਜਾਂ 43 ਭਾਰਤੀ ਦੱਸੇ ਜਾਂਦੇ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਹੈ, ਇਸ ਲਈ ਭਾਰਤੀਆਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਦੇ ਮੰਗਾਫ ਸ਼ਹਿਰ ਵਿੱਚ ਵਾਪਰੀ ਘਟਨਾ ਦੀ ਨਿਗਰਾਨੀ ਕਰਨ ਅਤੇ ਭਾਰਤੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੁਵੈਤ ਲਈ ਰਵਾਨਾ ਹੋ ਗਏ ਹਨ। ਭਾਰਤੀ ਅੰਬੈਸੀ ਨੇ ਇਸ ਲਈ ਹੈਲਪਲਾਈਨ +965-65505246 ਜਾਰੀ ਕੀਤੀ ਹੈ।

ਦਿੱਲੀ ਹਵਾਈ ਅੱਡੇ ਤੋਂ ਕੁਵੈਤ ਲਈ ਰਵਾਨਾ ਹੋਣ ਤੋਂ ਪਹਿਲਾਂ ਵਿਦੇਸ਼ ਰਾਜ ਮੰਤਰੀ ਨੇ ਕਿਹਾ, “ਅਸੀਂ ਬੀਤੀ ਸ਼ਾਮ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਸੀ। ਉੱਥੇ ਪਹੁੰਚਦੇ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ। ਸਥਿਤੀ ਇਹ ਹੈ ਕਿ ਜ਼ਿਆਦਾਤਰ ਪੀੜਤ ਬੁਰੀ ਤਰ੍ਹਾਂ ਝੁਲਸ ਚੁੱਕੇ ਹਨ ਤੇ ਕੁਝ ਲਾਸ਼ਾਂ ਇੰਨੀਆਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਪਾ ਰਹੀ। ਪੀੜਤਾਂ ਦੀ ਪਛਾਣ ਲਈ ਡੀਐਨਏ ਟੈਸਟ ਕੀਤਾ ਜਾ ਰਿਹਾ ਹੈ। ਹਵਾਈ ਸੈਨਾ ਦਾ ਇੱਕ ਜਹਾਜ਼ ਤਿਆਰ ਹੈ। ਜਿਵੇਂ ਹੀ ਲਾਸ਼ਾਂ ਦੀ ਪਛਾਣ ਹੋਵੇਗੀ, ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਸਾਡੇ ਹਵਾਈ ਸੈਨਾ ਦੇ ਜਹਾਜ਼ ਲਾਸ਼ਾਂ ਨੂੰ ਵਾਪਸ ਲੈ ਕੇ ਆਉਣਗੇ।”

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਡੇ ਕੋਲ ਆਏ ਤਾਜ਼ਾ ਅੰਕੜਿਆਂ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 48-49 ਹੈ, ਜਿਨ੍ਹਾਂ ਵਿੱਚੋਂ 42 ਜਾਂ 43 ਭਾਰਤੀ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਪ੍ਰਸਾਦ ਨੇ ਕੁਵੈਤ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਅਤੇ ਭਾਰਤੀਆਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ (ਬੁੱਧਵਾਰ 12 ਜੂਨ) ਕੁਵੈਤ ਦੇ ਮੰਗਾਫ ਸ਼ਹਿਰ ‘ਚ ਮਜ਼ਦੂਰਾਂ ਦੀ ਇਕ ਇਮਾਰਤ ‘ਚ ਅੱਗ ਲੱਗ ਗਈ ਸੀ। ਇਸ ਹਾਦਸੇ ‘ਚ ਕਰੀਬ 49 ਲੋਕਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਇਸ ਇਮਾਰਤ ਵਿੱਚ ਇੱਕ ਹੀ ਕੰਪਨੀ ਦੇ 195 ਮਜ਼ਦੂਰ ਰਹਿੰਦੇ ਸਨ। ਅੱਗ ਲੱਗਣ ਕਾਰਨ 49 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖ਼ਮੀ ਹੋਏ ਹਨ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਆਦਾਤਰ ਲੋਕਾਂ ਦੀ ਮੌਤ ਧੂੰਏਂ ਨਾਲ ਦਮ ਘੁਟਣ ਕਰਕੇ ਹੋਈ ਹੈ ਕਿਉਂਕਿ ਜਦ ਅੱਗ ਲੱਗੀ ਤਾਂ ਉਹ ਸੌਂ ਰਹੇ ਸਨ।