Punjab

ਭਾਖੜਾ ਤੋਂ ਸਹਿਮੇ ਲੋਕਾਂ ਕੋਲ ਪੁੱਜੇ ਮੰਤਰੀ ਹਰਜੋਤ ਬੈਂਸ , ਦਿੱਤੀ ਸਾਰੀ ਜਾਣਕਾਰੀ , ਝੂਠੀਆਂ ਅਫ਼ਵਾਹਾਂ ਤੋਂ ਬਚਣ ਲਈ ਕਿਹਾ…

Minister Harjot Bains, who reached the concerned people from Bhakra, asked to avoid false rumours, given all the information...

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ ‘ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਏ ਹਨ। ਬੀਤੇ ਦਿਨ ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਵੱਧ ਖੋਲ੍ਹੇ ਗਏ ਸਨ, ਜੋ ਦੇਰ ਰਾਤ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਦੇ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ।

ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਖ਼ੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪੁੱਜੇ ਮੰਤਰੀ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਰਾਤ ਨੂੰ ਹੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ।

ਉਨਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਆਨੰਦਪੁਰ ਸਾਹਿਬ ਦੇ ਪਿੰਡ ਹਰਸਾ ਬੇਲਾ ਅਤੇ ਪੱਤੀ ਦੁਲਚੀ ਵਿੱਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਬੈਂਸ ਨੇ ਹੜ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਉਨ੍ਹਾਂ ਨੇ ਕਿਸੇ ਵੀ ਝੂਠੀ ਅਫ਼ਵਾਹ ਤੋਂ ਬਚਣ ਲਈ ਕਿਹਾ ਹੈ। ਬੈਂਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਆਏ ਹੜ੍ਹਾਂ ਦਾ ਪਾਣੀ ਹੋਰ ਘਟੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਜੋ ਲੋਕ ਹੜ੍ਹ ਕਾਰਨ ਫਸੇ ਹੋਏ ਹਨ ਉਹ ਲਗਾਤਾਰ ਸਰਕਾਰ ਦੇ ਸੰਪਰਕ ਵਿੱਚ ਹਨ।

ਬੈਂਸ ਨੇ ਦੱਸਿਆ ਕਿ ਦੇਰ ਰਾਤ ਐਨਡੀਆਰਐਫ ਦੀਆਂ ਟੀਮਾਂ ਨੇ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਜ਼ਿਆਦਾ ਹਨੇਰਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਅੱਜ ਐਨਡੀਆਰਐਫ ਉਨ੍ਹਾਂ ਨੂੰ ਦੁਬਾਰਾ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ।

ਜਾਣਕਾਰੀ ਦੇ ਮੁਤਾਬਿਕ ਭਾਖੜਾ ਵਿੱਚ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ । ਜੋ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2 ਫੁੱਟ ਹੇਠਾਂ ਸੀ ਇਸ ਲਈ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ । ਗੇਟ ਕਿੰਨੇ ਉੱਚੇ ਚੁੱਕੇ ਗਏ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ 1988 ਵਿੱਚ ਗੇਟ 4 ਫੁੱਟ ਤੱਕ ਖੋਲੇ ਗਏ ਸਨ । ਉੱਧਰ BBMB ਨੇ ਦੱਸਿਆ ਹੈ ਕਿ ਪੌਂਗ ਡੈਮ ਤੋਂ 1.50 ਕਿਉਸਿਕ ਪਾਣੀ ਛੱਡਿਆ ਗਿਆ ਹੈ । ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਹੈ । ਜਿਸ ਦੇ ਬਾਅਦ 1,14,785 ਕਿਉਸਿਕ ਪਾਣੀ ਛੱਡਿਆ ਗਿਆ ਹੈ ।