ਖਾਲਸ ਬਿਊਰੋ:ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ 31 ਕਿਸਾਨ ਜਥੇਬੰਦੀਆਂ ਨਾਲ ਅੱਜ ਮੀਟਿੰਗ ਹੋਈ ਹੈ ,ਜਿਸ ਤੋਂ ਬਾਅਦ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਸਾਨ ਆਗੂਆਂ ਵੱਲੋਂ ਰੱਖੀਆਂ ਮੰਗਾਂ ਨੂੰ ਬਿਲਕੁਲ ਸਹੀ ਤੇ ਦਰੁਸਤ ਦੱਸਿਆ ਹੈ ਤੇ ਕਿਹਾ ਹੈ ਕਿ ਪੰਜਾਬ ਨਾਲ ਸਬੰਧਤ ਇਹਨਾਂ 56 ਮੰਗਾਂ ਨੂੰ ਪੜਾਅਵਾਰ 10-10 ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨਾਲ ਹਰ ਮਹੀਨੇ ਮੀਟਿੰਗ ਕੀਤੀ ਜਾਵੇਗੀ,ਜਿਸ ਵਿੱਚ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਵਿਚਾਰ ਕੀਤਾ ਜਾਵੇਗਾ।
ਉਹਨਾਂ ਕਿਸਾਨਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਮੁੱਦੇ ਬਹੁਤ ਵਧੀਆ ਢੰਗ ਨਾਲ ਰੱਖੇ ਹਨ ਤੇ ਸਾਰੇ ਸਬੰਧਤ ਅਫਸਰਾਂ ਤੇ ਅਧਿਕਾਰੀਆਂ ਨੇ ਕਿਸਾਨਾਂ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਹੈ ਤੇ ਇਹ ਵਾਅਦਾ ਕੀਤਾ ਹੈ ਕਿ ਸਰਕਾਰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ ਕਿਉਂਕਿ ਪੰਜਾਬ ਦੀ 72% ਜਨਸੰਖਿਆ ਸਿੱਧੇ ਤੇ ਅਸਿੱਧੇ ਤੋਰ ‘ਤੇ ਖੇਤੀ ‘ਤੇ ਨਿਰਭਰ ਹੈ।ਸੋ ਇਸ ਲਈ ਪੰਜਾਬ ਦੀ ਖੇਤੀ ਨੂੰ ਬਚਾਇਆ ਜਾਣਾ ਬਹੁਤ ਜਰੂਰੀ ਹੈ।ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਪਾਣੀ ਨੂੰ ਬਚਾਉਣ ਵਾਲੇ ਪਾਸੇ ਵੀ ਧਿਆਨ ਦੇਣ ਕਿਉਂਕਿ ਪੰਜਾਬ ਕੋਲ ਸਿਰਫ 20 ਸਾਲ ਦਾ ਪਾਣੀ ਹੀ ਬਚਿਆ ਹੈ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਲਦ ਹੀ ਖੇਤੀ ਸਬੰਧੀ ਇੱਕ ਨਵੀਂ ਨੀਤੀ ਲੈ ਕੇ ਆ ਰਹੀ ਹੈ,ਜਿਸ ਰਾਹੀਂ ਪੰਜਾਬ ਵਿੱਚ ਖੇਤੀ ਦਾ ਵਿਕਾਸ ਕੀਤਾ ਜਾਵੇਗਾ।ਮਿੱਲ ਮਾਲਕਾਂ ਵੱਲੋਂ ਰਹਿੰਦੇ ਬਕਾਏ ਬਾਰੇ ਉਹਨਾਂ ਕਿਹਾ ਕਿ ਮਿੱਲ ਮਾਲਕਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਇਸ ਮਹੀਨੇ ਦੇ ਅੰਤ ਤੱਕ ਹੋਵੇਗੀ ਤੇ ਉਹਨਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਜਾਵੇਗੀ ਕਿ ਜਲਦੀ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ,ਨਹੀਂ ਤਾਂ ਸਰਕਾਰ ਮਿੱਲਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਵੇਗੀ।
ਪੰਜਾਬ ਦੇ ਕਿਸਾਨਾਂ ਦੀ ਦੀਆਂ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ‘ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਛੇੜਦੀਆਂ ਰਹਿੰਦੀਆਂ ਹਨ ਕਿਉਂਕਿ ਕਿਸਾਨਾਂ ਨੂੰ ਹਰ ਸਾਲ ਕਦੇ ਸੋਕਾ ਤੇ ਕਦੇ ਬੇਮੌਸਮੇਂ ਮੀਂਹ ਦੀ ਵਜਾ ਕਰਕੇ ਨੁਕਸਾਨ ਝੱਲਣਾ ਪੈਂਦਾ ਹੈ ਤੇ ਹੋਰ ਵੀ ਕਈ ਕਾਰਨਾਂ ਕਰਕੇ ਕਿਸਾਨ ਨੂੰ ਆਰਥਿਕ ਮਾਰ ਪੈਂਦੀ ਹੀ ਹੈ ।ਉਦਾਹਰਣ ਦੇ ਤੋਰ ‘ਤੇ ਪੰਜਾਬ ਦੀ ਮਾਲਵਾ ਪੱਟੀ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਤੇ ਮਿਲੀਬੱਗ ਦੇ ਹਮਲੇ ਦਾ ਸ਼ਿਕਾਰ ਹੋ ਰਹੀ ਹੈ।ਸਮੇਂ ਦੀਆਂ ਸਰਕਾਰਾਂ ਵਾਅਦੇ ਕਰਦੀਆਂ ਹਨ,ਐਲਾਨ ਕਰਦੀਆਂ ਹਨ ਪਰ ਭੁੱਲ ਜਾਂਦੀਆਂ ਹਨ।ਇਸ ਵਾਰ ਨਵੀਂ ਬਣੀ ਆਪ ਸਰਕਾਰ ਨੇ ਵੀ ਹੁਣ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਤੇ ਦੇਖਦੇ ਹਾਂ ਕਿ ਉਹ ਆਪਣੇ ਵਾਅਦੇ ‘ਤੇ ਕਿੰਨੀ ਕੁ ਖਰੀ ਉੱਤਰਦੀ ਹੈ।