Punjab

ਸੰਤ ਲੌਂਗੋਵਾਲ ਨੂੰ ਮੰਤਰੀ ਅਰੋੜਾ ਨੇ ਖ਼ੂਨਦਾਨ ਕਰਕੇ ਦਿੱਤੀ ਸ਼ਰਧਾਂਜ਼ਲੀ

ਦ ਖ਼ਾਲਸ ਬਿਊਰੋ : ਪਿਛਲੀ ਸਦੀ ਦੇ ਆਖ਼ਰੀ ਦਹਾਕਿਆਂ ਦੌਰਾਨ ਪੰਜਾਬ ਨੂੰ ਵੱਡਾ ਸੰਤਾਪ ਹੰਢਾੳਣਾ ਪਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਇਤਿਹਾਸਕ ਹੈ। ਉਹ ਸਤਿਕਾਰੇ ਵੀ ਬੇਹੱਦ ਗਏ ਤੇ ਪੰਜਾਬ ਵਿਚ ਸ਼ਾਂਤੀ ਲਈ ਵੱਡਾ ਜੋਖ਼ਮ ਲੈਣ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ। ਇਕ ਧਿਰ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪੰਜਾਬ ਨਾਲ ਗ਼ੱਦਾਰੀ ਸਮਝਦੀ ਰਹੀ ਹੈ। ਜੁਲਾਈ 1985 ਨੂੰ ਹੋਏ ਰਜ਼ੀਵ ਲੌਗੋਂਵਾਲ  ਸਮਝੌਤੇ ਤੋਂ ਇਕ ਮਹੀਨੇ ਦੇ ਅੰਦਰ ਹੀ 20 ਅਗਸਤ 1985 ਨੂੰ ਉਹ ਖਾੜਕੂ ਧਿਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਵਿਚਾਰ ਕੋਈ ਵੀ ਹੋਵੇ ਪਰ ਨਿਰਸੰਦੇਹ ਨਾਜ਼ੁਕ ਮਾਹੌਲ ਦੌਰਾਨ ਰਾਜੀਵ-ਲੌਂਗੋਵਾਲ ਸਮਝੌਤਾ ਇਤਿਹਾਸਕ ਘਟਨਾ ਸੀ।

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਸਿਆਸੀ ਪਾਰਟੀ ਦੇ ਪ੍ਰਧਾਨ ਨਾਲ ਲਿਖਤੀ ਸਮਝੌਤੇ ਉੱਤੇ ਦਸਤਖ਼ਤ ਕੀਤੇ ਸਨ। 24 ਜੁਲਾਈ 1985 ਨੂੰ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਅਕਾਲੀ ਦਲ ਇਸ ਬਾਰੇ ਇਕਮਤ ਨਹੀਂ ਸੀ। ਇਹ ਵੀ ਕਿਹਾ ਗਿਆ ਕਿ ਲੜ ਰਹੀਆਂ ਧਿਰਾਂ ਸਮਝੌਤੇ ’ਚੋਂ ਬਾਹਰ ਹੋਣ ਕਰ ਕੇ ਇਸ ’ਤੇ ਅਮਲ ਸੰਭਵ ਨਹੀਂ ਹੋ ਸਕਿਆ।

ਸੰਤ ਹਰਚੰਦ ਸਿੰਘ ਲੌਂਗੋਵਾਲ

 

ਅਕਾਲੀ ਦਲ ਦੇ ਵੱਡੇ ਆਗੂ ਪ੍ਰਕਾਸ਼ ਸਿੰਘ ਬਾਦਲ 9 ਸਾਲ ਸੰਤ ਲੌਂਗਵਾਲ ਦੇ ਬਰਸੀ ਸਮਾਗਮਾਂ ਤੋਂ ਵੀ ਦੂਰ ਰਹੇ। ਸਮਝੌਤਾ ਕਰਨ ਵਾਲੀ ਧਿਰ ’ਚ ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਮੋਹਰੀ ਸਨ; ਇਸੇ ਕਰ ਕੇ ਸਿਆਸੀ ਕਮਾਨ ਬਰਨਾਲਾ ਦੇ ਹੱਥ ਆ ਗਈ। ਸਮਝੌਤੇ ਤਹਿਤ 26 ਜਨਵਰੀ 1986 ਨੂੰ ਚੰਡੀਗ਼ੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਣਾ ਸੀ। ਪੰਜਾਬੀ ਬੋਲਦੇ ਇਲਾਕਿਆਂ ਲਈ ਕਮਿਸ਼ਨ ਬਣਿਆ। ਪਾਣੀਆਂ ਦੇ ਮੁੱਦੇ ’ਤੇ ਟ੍ਰਿਬਿਊਨਲ ਬਣਾਉਣ ਦੀ ਸਹਿਮਤੀ ਹੋਈ। ਅੱਜ 20 ਅਗਸਤ ਨੂੰ ਉਨ੍ਹਾਂ ਦੀ ਸਲਾਨਾਂ ਬਰਸੀ ਮਨਾਈ ਜਾਂਦੀ ਹੈ।

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਖੇ ਆਯੋਜਿਤ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਖੁਦ ਖੂਨਦਾਨ ਕਰਕੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

 

ਇਸ ਮੌਕੇ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਲੌਂਗੋਵਾਲ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਸੰਤਾਂ ਦੀ ਬਰਸੀ ਮੌਕੇ ਨਿਵੇਕਲਾ ਉਪਰਾਲਾ ਕਰਦੇ ਹੋਏ ਸਿਆਸੀ ਦੂਸ਼ਣਬਾਜ਼ੀਆਂ ਅਤੇ ਫੋਕੀਆਂ ਸ਼ੋਹਰਤਾਂ ਤੋਂ ਦੂਰ ਰਹਿ ਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਖੂਨ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਵਾਲੇ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਉੱਤਮ ਦਾਨ ਹੈ ਅਤੇ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ।ਅਰੋੜਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ।