Punjab

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਮੰਤਰੀ ਅਨਮੋਲ ਗਗਨ ਮਾਨ

ਮੁਹਾਲੀ : ਅੱਜ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਅਤੇ ਵਿਧਾਇਕ ਦਾ ਵਿਆਹ ਹੋਣ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੋਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ AKM ਮੈਰਿਜ ਪੈਲੇਸ ਵਿੱਚ ਵਿਆਹ ਦਾ ਸਮਾਗਮ ਹੋਵੇਗਾ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਕਰਵਾਉਣਗੇ। ਸ਼ਾਹਬਾਜ਼ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦਾ ਪਰਿਵਾਰ ਜ਼ੀਰਕਪੁਰ ਵਿੱਚ ਰਹਿੰਦਾ ਹੈ। ਸੋਹੀ ਪਰਿਵਾਰ ਦਾ ਪਿਛੋਕੜ ਵੀ ਮਲੋਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਦੋਵੇਂ ਜਣੇ ਲਾਵਾਂ ਲੈਣਗੇ। ਇਸ ਮਗਰੋਂ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ AKM ਮੈਰਿਜ ਪੈਲੇਸ ਵਿੱਚ ਕੁਝ ਖਾਸ ਮਹਿਮਾਨਾਂ ਲਈ ਦਾਅਵਤ ਰੱਖੀ ਗਈ ਹੈ।

ਅਨਮੋਲ ਗਗਨ ਮਾਨ ਇੱਕ ਮਸਹੂਰ ਪੰਜਾਬੀ ਗਾਇਕ ਸੀ। ਉਨ੍ਹਾਂ ਆਪਣਾ ਕਿੱਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ ਸਫਰ ਦੀ ਸ਼ੁਰੂਆਤ ਕੀਤੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ। ਉਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਦਿੱਤਾ। ਇਸ ਸਮੇਂ ਉਨ੍ਹਾਂ ਕੋਲ ਪੰਜਾਬ ਸਰਕਾਰ ਦਾ ਸੈਰ ਸਪਾਟਾ ਵਿਭਾਗ ਹੈ।

ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਇਸ ਵਿੱਚ ਕਈ ਨੌਜਵਾਨ ਜਿੱਤੇ ਸਨ। ਜਿਨ੍ਹਾਂ ਦੇ ਵਿਆਹ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਹੋਏ ਸਨ। ਪਿਛਲੇ ਸਾਲ 29 ਅਕਤੂਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਯੂਪੀ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਨਾਲ ਹੋਇਆ ਸੀ।

ਵਿਆਹ ਦੀਆਂ ਰਸਮਾਂ ਚੰਡੀਗੜ੍ਹ ‘ਚ ਹੋਈਆਂ। ਇਸ ਤੋਂ ਪਹਿਲਾਂ 25 ਮਾਰਚ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਹੋਇਆ ਸੀ। ਜਦੋਂ ਕਿ 7 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀ ਰਹਿਣ ਵਾਲੀ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਸੀ।