ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਉਸਾਰੂ ਕਦਮ ਚੁੱਕਿਆ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ਿਆਈ ਖੇਡਾਂ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਤਿੰਨ ਖਿਡਾਰੀਆਂ ਨੂੰ 1.5 ਕਰੋੜ ਦੇ ਨਾਮ ਨਾਲ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵੀ ਭਰੋਸਾ ਦਿੱਤਾ।
ਰਾਣਾ ਸੋਢੀ ਨੇ ਦੱਸਿਆ ਕਿ “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਤਮਗ਼ਾ ਜੇਤੂਆਂ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਜਿਸ ਨੂੰ ਧਿਆਨ ‘ਚ ਰੱਖਦਿਆ ਖੇਡ ਵਿਭਾਗ ਨੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਨਗਦ ਪੁਰਸਕਾਰਾਂ ਲਈ ਪ੍ਰਾਪਤ ਅਰਜ਼ੀਆਂ ਦੀ ਪੜਤਾਲ ਕਰਕੇ 1101 ਤਮਗ਼ਾ ਜੇਤੂਆਂ ਦੀ ਸੂਚੀ ਤਿਆਰ ਕੀਤੀ”।
ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਵਿੱਚ ਕੀਤਾ ਵਾਧਾ:
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ਾ ਜੇਤੂਆਂ ਲਈ ਨਗਦ ਪੁਰਸਕਾਰ ਕ੍ਰਮਵਾਰ 26 ਲੱਖ ਰੁਪਏ, 16 ਲੱਖ ਰੁਪਏ ਤੇ 11 ਲੱਖ ਰੁਪਏ ਦਿੱਤੇ ਜਾਂਦੇ ਸੀ, ਜਿਨ੍ਹਾਂ ਨੂੰ ਵਧਾ ਕੇ ਕ੍ਰਮਵਾਰ 1 ਕਰੋੜ, 75 ਲੱਖ ਰੁਪਏ ਤੇ 50 ਲੱਖ ਰੁਪਏ ਕੀਤਾ ਗਿਆ ਹੈ।
ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ਾ ਜੇਤੂਆਂ ਨੂੰ ਨਗਦ ਪੁਰਸਕਾਰ 16 ਲੱਖ ਰੁਪਏ, 11 ਲੱਖ ਰੁਪਏ ਤੇ 6 ਲੱਖ ਰੁਪਏ ਸੀ, ਜਿਸ ਨੂੰ ਵਧਾ ਕੇ 75 ਲੱਖ, 50 ਲੱਖ ਤੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਖੇਡ ਮੰਤਰੀ ਨੇ ਜਕਾਰਤਾ ਦੇ ਤਿੰਨ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਾ ਇਨਾਮ ਦਿੱਤਾ। ਇੰਡੋਨੇਸ਼ੀਆ ਵਿੱਚ 6 ਤੋਂ 13 ਅਕਤੂਬਰ 2018 ਦੌਰਾਨ ਹੋਈਆਂ ਤੀਜੀਆਂ ਪੈਰਾ-ਏਸ਼ੀਅਨ ਖੇਡਾਂ ਵਿੱਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਪਾਵਰ ਲਿਫਟਰ ਪਰਮਜੀਤ ਕੁਮਾਰ (ਜਲੰਧਰ), ਸ਼ਾਟ-ਪੁੱਟਰ ਮੁਹੰਮਦ ਯਾਸੀਰ (ਸੰਗਰੂਰ) ਤੇ ਬੈਡਮਿੰਟਨ ਖਿਡਾਰੀ ਰਾਜ ਕੁਮਾਰ (ਪਟਿਆਲਾ) ਨੂੰ ਸਨਮਾਨਿਤ ਕੀਤਾ ਗਿਆ।


 
																		 
																		 
																		 
																		 
																		