The Khalas Tv Blog Khaas Lekh ਪੰਜਾਬ ’ਚ ਚਿੱਟੇ ਦੁੱਧ ਦਾ ਕਾਲ਼ਾ ਖੇਡ! ਡਿਟਰਜੈਂਟ ਸਣੇ ਖ਼ਤਰਨਾਕ ਰਸਾਇਣਾਂ ਨਾਲ ਦੁੱਧ ਦੀ ਮਿਲਾਵਟ, ਜਾਣੋ ਮਿਲਾਵਟੀ ਦੁੱਧ ਦੇ ਖ਼ਤਰਨਾਕ ਅਸਰ
Khaas Lekh Punjab

ਪੰਜਾਬ ’ਚ ਚਿੱਟੇ ਦੁੱਧ ਦਾ ਕਾਲ਼ਾ ਖੇਡ! ਡਿਟਰਜੈਂਟ ਸਣੇ ਖ਼ਤਰਨਾਕ ਰਸਾਇਣਾਂ ਨਾਲ ਦੁੱਧ ਦੀ ਮਿਲਾਵਟ, ਜਾਣੋ ਮਿਲਾਵਟੀ ਦੁੱਧ ਦੇ ਖ਼ਤਰਨਾਕ ਅਸਰ

’ਦ ਖ਼ਾਲਸ ਬਿਊਰੋ: ਦੁੱਧ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਂਦਾ ਹੈ। ਇਹ ਹਰ ਉਮਰ ਸਮੂਹ ਲਈ ਲਾਭਕਾਰੀ ਹੈ ਪਰ ਦੁੱਧ ਵਿਚ ਵਧ ਰਹੀ ਮਿਲਾਵਟ ਦੇ ਕਾਰਨ ਵਿਅਕਤੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਲਗਾਤਾਰ ਵਧ ਰਹੇ ਰਸਾਇਣਾਂ ਦੀ ਮਿਲਾਵਟ ਨਾ ਸਿਰਫ ਸਿਹਤ ਬਲਕਿ ਮਨੁੱਖੀ ਪ੍ਰਜਣਨ ਸਮਰਥਾ ਅਤੇ ਕੋਸ਼ਿਕਾਵਾਂ ਦੇ ਵਿਕਾਸ ਨੂੰ ਵੀ ਰੋਕਦੀ ਹੈ। ਸੁਚੇਤ ਹੋਣ ਦੀ ਵੀ ਜ਼ਰੂਰਤ ਇਸ ਲਈ ਵੀ ਹੈ ਹੈ ਕਿਉਂਕਿ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਕੋਈ ਵੱਡਾ ਬਦਲ ਮੌਜੂਦ ਨਹੀਂ ਹੈ। ਮਿਲਾਵਟ ਕਾਰਨ ਦੁੱਧ ਚਿੱਟਾ ਜ਼ਹਿਰ ਬਣਦਾ ਜਾ ਰਿਹਾ ਹੈ। ਦੇਸ਼ ਵਿੱਚ ਤਿਉਹਾਰਾਂ ਦੇ ਸੀਜ਼ਨ ਨੂੰ ਸਰਕਾਰ ਨੇ ਵੇਖਦਿਆਂ ਦੁੱਧ ਉਦਪਾਦਾਂ ਤੇ ਮਠਿਆਈ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਈਂ ਮਿਲਾਵਟੀ ਦੁੱਧ ਵੇਚਣ ਵਾਲਿਆਂ ’ਤੇ ਕਾਰਵਾਈ ਦੀਆਂ ਖ਼ਬਰਾਂ ਆ ਰਹੀਆਂ ਹਨ।

‘ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ 68.7℅ ਦੁੱਧ ਦੇ ਉਤਪਾਦ ਨਿਰਧਾਰਤ ਕੁਆਲਿਟੀ ਤੋਂ ਥੱਲੇ ਹਨ। ਪੰਜਾਬ ‘ਚ ਤਾਂ ਹਾਲਤ ਇਸ ਤੋਂ ਵੀ ਜ਼ਿਆਦਾ ਖਰਾਬ ਹਨ। ਹਾਲੀਆ ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ ਮੋਗਾ ਵਿੱਚ ਦੁੱਧ ਤੋਂ ਉਤਪਾਦ ਬਣਾਉਣ ਵਾਲੀ ਕੰਪਨੀ ਨੈਸਲੇ ਨੇ ਵੱਡੇ ਦੁੱਧ ਉਤਪਾਦਕ ਕਾਲੀ ਸੂਚੀ ਵਿੱਚ ਪਾ ਦਿੱਤੇ ਹਨ। ਸਹਾਇਕ ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਨੇ ਕਿਹਾ ਕਿ ਇੱਥੇ ਡੇਅਰੀਆਂ ਤੇ ਮਠਿਆਈ ਦੀਆਂ ਦੁਕਾਨਾਂ ਤੋਂ ਉਤਪਾਦਾਂ ਦੀ ਗੁਣਵੱਤਾ ਪਰਖਣ ਲਈ ਤਿਉਹਾਰਾਂ ਦੇ ਮੱਦੇਨਜ਼ਰ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।

ਸਥਾਨਕ ਬਹੁਮੰਤਵੀ ਨੈਸਲੇ ਫੈਕਟਰੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਹੈ।। ਫ਼ੈਕਟਰੀ ਦੀ ਉਤਪਾਦਕਾਂ ਦੇ ਘਰਾਂ ਵਿੱਚ ਜਾ ਕੇ ਦੁਧਾਰੂ ਪਸ਼ੂਆਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਦੁੱਧ ਕਰੀਬ 30 ਲੀਟਰ ਸੀ ਪਰ ਉੱਥੋਂ ਰੋਜ਼ 80 ਤੋਂ 100 ਲੀਟਰ ਦੁੱਧ ਦੀ ਆਮਦ ਹੁੰਦੀ ਸੀ। ਕੰਪਨੀ ਨੇ ਅਜਿਹੇ ਦੁੱਧ ਉਤਪਾਦਕਾਂ ਦੀ ਕਾਲੀ ਸੂਚੀ ਤਿਆਰ ਕਰਕੇ ਉਨ੍ਹਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ।

ਰਿਪੋਰਟ ਮੁਤਾਬਕ ਧਰਮਕੋਟ ਖੇਤਰ ’ਚ ਦੁੱਧ ਦੇ ਨਾਂਅ ’ਤੇ ਹੋਰ ਚਿੱਟੇ ਤਰਲ ਪਦਾਰਥ ਦਾ ਕਾਲਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਕਈ ਲੋਕ ਨਕਲੀ ਸੁੱਕੇ ਦੁੱਧ ਜਾਂ ਸਿੰਥੈਟਿਕ ਨੁਮਾ ਪਾਊਡਰ ਨੂੰ ਪਾਣੀ ’ਚ ਘੋਲ ਕੇ ਦੁੱਧ ਬਣਾਉਂਦੇ ਹਨ। ਅਸਲੀ ਤੇ ਨਕਲੀ ਦੁੱਧ ਦੀ ਪਹਿਚਾਣ ਕਰਨੀ ਬਹੁਤ ਔਖੀ ਹੈ।

2018 ਦੇ ਵੇਰਵਿਆਂ ਮੁਤਾਬਕ ਪੰਜਾਬ ਵਿੱਚ ਹਰ ਰੋਜ਼ 360 ਲੱਖ ਲੀਟਰ ਸਟੈਂਡਰਡ ਦੁੱਧ ਦਾ ਉਤਪਾਦਨ ਹੁੰਦਾ ਹੈ ਜਦਕਿ ਖਪਤ 680 ਲੱਖ ਲੀਟਰ ਦੁੱਧ ਦੀ ਹੁੰਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ 320 ਲੱਖ ਲੀਟਰ ਦੁੱਧ ਮਿਲਾਵਟੀ ਹੈ। ਜੇ ਗੱਲ ਕਰੀਏ ਪਨੀਰ ਦੀ, ਤਾਂ ਮਿਲਾਵਟੀ ਦੁੱਧ ਦੀ ਸਭ ਤੋਂ ਜ਼ਿਆਦਾ ਵਰਤੋਂ ਪਨੀਰ ਬਣਾਉਣ ਲਈ ਹੀ ਕੀਤੀ ਜਾਂਦੀ ਹੈ। ਸੂਬੇ ‘ਚ ਕਰੀਬ 60 ਹਜ਼ਾਰ ਕਿਲੋ ਪਨੀਰ ਰੋਜ਼ ਤਿਆਰ ਕੀਤਾ ਜਾਂਦਾ ਹੈ, ਜਿਸ ‘ਚੋਂ ਸਿਰਫ਼ 20 ਹਜ਼ਾਰ ਕਿਲੋ ਸਟੈਂਡਰਡ ਦੁੱਧ ਤੋਂ ਬਣਦਾ ਹੈ। ਬਾਕੀ 40 ਹਜ਼ਾਰ ਕਿੱਲੋ ਮਿਲਾਵਟੀ ਪਨੀਰ ਹੈ।

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ ਵਿੱਚ 52 ਲੱਖ ਮੱਝਾਂ ਅਤੇ 21 ਲੱਖ ਗਾਵਾਂ ਹਨ ਪਰ ਇਨ੍ਹਾਂ ਵਿੱਚੋਂ 70 ਫ਼ੀਸਦ ਹੀ ਦੁੱਧ ਦੇਣ ਯੋਗ ਹਨ। ਇਨ੍ਹਾਂ ਤੋਂ ਰੋਜ਼ਾਨਾ ਤਕਰੀਬਨ 360 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੈ ਅਤੇ ਅੱਧਾ ਪਿੰਡ ਪੱਧਰ ‘ਤੇ ਹੀ ਵਰਤ ਲਿਆ ਜਾਂਦਾ ਹੈ। ਬਕਾਇਆ 180 ਲੱਖ ਲੀਟਰ ਬਾਜ਼ਾਰ ਵਿੱਚ ਆਉਂਦਾ ਹੈ, ਜਿਸ ਵਿੱਚੋਂ 50 ਲੱਖ ਲੀਟਰ ਦੁੱਧ ਨੂੰ ਮਿਲਕ ਪਲਾਂਟ ਵਰਤਦੇ ਹਨ। ਬਾਕੀ 130 ਲੱਖ ਲੀਟਰ ਦੁੱਧ ਵਿੱਚੋਂ 30 ਲੱਖ ਲੀਟਰ ਨੂੰ ਹਲਵਾਈ ਖਰੀਦ ਲੈਂਦੇ ਹਨ ਤੇ ਮਿਠਾਈਆਂ ਤਿਆਰ ਕਰਦੇ ਹਨ ਤੇ 20 ਲੱਖ ਲੀਟਰ ਪੰਜਾਬ ਤੋਂ ਬਾਹਰ ਜਾਂਦਾ ਹੈ। ਬਾਕੀ 80 ਲੱਖ ਲੀਟਰ ਦੁੱਧ ਕਿਸਾਨ ਸਿੱਧੇ ਤੌਰ ‘ਤੇ ਆਪ ਵੇਚਦਾ ਹੈ।


ਦੁੱਧ ਦੀ ਮਿਲਾਵਟ ਕਰਨ ’ਤੇ ਕਾਨੂੰਨੀ ਸਜ਼ਾ

ਕਾਨੂੰਨ ਦੇ ਹਿਸਾਬ ਨਾਲ ਅਜਿਹੇ ਖੁਰਾਕ ਪਦਾਰਥ, ਜਿਸ ਦੀ ਕੁਆਲਟੀ ਖਰਾਬ ਹੈ ਪਰ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ ਹੈ, ਉਸ ਦੀ ਮਿਲਾਵਟ ਨਾਲ ਛੇ ਮਹੀਨੇ ਤਕ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਜੇ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਛੇ ਸਾਲ ਦੀ ਜੇਲ੍ਹ ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਮੌਤ ਹੋਣ ਦੀ ਸਥਿਤੀ ਵਿੱਚ ਘੱਟੋ-ਘੱਟ 7 ਸਾਲ ਜੇਲ੍ਹ ਤੇ 10 ਲੱਖ ਤੋਂ ਵੱਧ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਫੂਡ ਸੇਫਟੀ ਐਕਟ, 2006 ਤਹਿਤ ਮਿਲਾਵਟ ਕਰਨ ਦੇ ਦੋਸ਼ੀ ਨੂੰ ਚਾਰ ਤੋਂ ਲੈ ਕੇ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ, ਪਰ ਇਹ ਕਾਨੂੰਨ ਸਿਰਫ ਫਾਰਮੈਲਿਟੀ ਹੀ ਰਹਿ ਗਿਆ ਜਾਪਦਾ ਹੈ। ਜ਼ੁਰਮਾਨੇ ਤੋਂ ਇਲਾਵਾ ਕਦੀ ਕਿਸੇ ਮਿਲਾਵਟਖੋਰ ਨੂੰ ਸਜ਼ਾ ਹੁੰਦੀ ਨਜ਼ਰ ਨਹੀਂ ਆਈ।


ਰਸਾਇਣ ਮਿਲਾ ਕੇ ਹੁੰਦੀ ਦੁੱਧ ਦੀ ਮਿਲਾਵਟ

ਮਿਲਾਵਟਖੋਰ ਦੁੱਧ ਬਣਾਉਣ ਲਈ ਤੇਲ, ਯੂਰੀਆ, ਸੋਡਾ, ਪਾਣੀ, ਸਪਰੇਟਾ, ਸੁੱਕਾ ਦੁੱਧ ਆਦਿ ਚੀਜਾਂ ਦਾ ਇਸਤੇਮਾਲ ਹੋ ਰਿਹਾ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਭਾਰਤ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ‘ਚ ਮਿਲਾਵਟ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ 2025 ਤਕ ਦੇਸ਼ ਦੀ 87% ਜਨਤਾ ਕੈਂਸਰ ਦੀ ਸ਼ਿਕਾਰ ਹੋ ਜਾਵੇਗੀ।

ਪੁਰਾਣੀ ਤਸਵੀਰ

ਮਾਹਰਾਂ ਦੇ ਅਨੁਸਾਰ, ਦੇਸ਼ ਵਿੱਚ ਵੇਚੇ ਜਾ ਰਹੇ ਦੁੱਧ ਦਾ 68.7 ਪ੍ਰਤੀਸ਼ਤ ਐੱਫਐੱਸਐੱਸਏਆਈ ਦੇ ਮਿਆਰ ਤੋਂ ਹੇਠਾਂ ਵਿਕ ਰਿਹਾ ਹੈ। ਮਿਲਾਵਟੀ ਦੁੱਧ ਵਿੱਚ ਆਮ ਤੌਰ ’ਤੇ ਡਿਟਰਜੈਂਟ, ਕਾਸਟਿਕ ਸੋਡਾ, ਗਲੂਕੋਜ਼, ਸਿਰਕਾ, ਮਾਲਟੋ ਡੇਕਸਾਟਰੀਨ ਪਾਊਡਰ, ਸਫ਼ੈਦ ਪੇਂਟ ਤੇ ਰਿਫਾਇੰਡ ਤੇਲ ਤੋਂ ਇਲਾਵਾ ਤੇਜ਼ਾਬ ਵੀ ਮਿਲਾਏ ਜਾਂਦੇ ਹਨ। ਇਹ ਸਾਰੇ ਮਿਲਾਵਟੀ ਤੱਤ ਸਿਹਤ ਨੂੰ ਲੰਮੇ ਸਮੇਂ ਤਕ ਨੁਕਸਾਨ ਪਹੁੰਚਾ ਸਕਦੇ ਹਨ। ਹਾਲਾਂਕਿ ਕੁਝ ਲੋਕ ਦੁੱਧ ਵਿੱਚ ਹਾਈਡ੍ਰੋਜਨ ਪਰਆਕਸਾਈਡ ਵਰਗੇ ਰਸਾਇਣ ਵੀ ਮਿਲਾ ਦਿੰਦੇ ਹਨ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹਨ।

ਟੌਇਲਟ ਕਲੀਨਰ ਸਮੇਤ ਖ਼ਤਰਨਾਕ ਕੈਮੀਕਲ ਵੀ ਹੁੰਦੇ ਇਸਤੇਮਾਲ

ਪਿਛਲੇ ਕੁਝ ਸਾਲਾਂ ਦੌਰਾਨ ਦੁੱਧ ਦੇ ਫੇਲ੍ਹ ਹੋਏ ਨਮੂਨਿਆਂ ਵਿੱਚ ਪਖ਼ਾਨੇ ਸਾਫ਼ ਕਰਨ ਵਾਲੇ ਟੌਇਲਟ ਕਲੀਨਰ ਰਾਹੀਂ ਤਿਆਰ ਪਨੀਰ, ਦੁੱਧ ਨੂੰ ਗਾੜ੍ਹਾ ਕਰਨ ਲਈ ਕੱਪੜੇ ਧੋਣ ਵਾਲਾ ਪਾਊਡਰ ਅਤੇ ਫੈਟ ਵਧਾਉਣ ਲਈ ਪਾਲਮ ਦੇ ਤੇਲ ਦੀ ਵਰਤੋਂ ਕੀਤੀ ਗਈ ਪਾਈ ਗਈ ਹੈ। ਇਸ ਤੋਂ ਇਲਾਵਾ ਕੈਮੀਕਲ ਮਾਲਟੋਡੈਕਸਟ੍ਰੋਨ ਦੀ ਵੀ ਭਰਮਾਰ ਪਾਈ ਗਈ। ਇਹ ਹਾਨੀਕਾਰਕ ਪਦਾਰਥ ਜਾਦੂਈ ਤਰੀਕੇ ਨਾਲ ਨਕਲੀ ਦੁੱਧ ਨੂੰ ਇਵੇਂ ਸੰਘਣਾ ਕਰਦਾ ਹੈ ਤਾਂ ਜੋ ਉਹ ਬਿਲਕੁਲ ਅਸਲੀ ਦੁੱਧ ਵਾਂਗ ਲੱਗੇ।

ਇੰਞ ਵੀ ਦੂਸ਼ਿਤ ਹੋ ਰਿਹਾ ਦੁੱਧ

ਅੱਜਕੱਲ੍ਹ ਦੁਧਾਰੂ ਪਸ਼ੂਆਂ ਨੂੰ ਵਧੇਰੇ ਦੁੱਧ ਤਿਆਰ ਕਰਨ ਲਈ ਸਟੀਰੌਇਡਜ਼ ਅਤੇ ਹਾਰਮੋਨਜ਼ ਦੇ ਟੀਕੇ ਲਗਾਏ ਜਾ ਰਹੇ ਹਨ।ਅਕਸੀਟੋਸਿਨ ਅਜਿਹਾ ਇੱਕ ਟੀਕਾ ਹੈ ਜੋ ਆਮ ਤੌਰ ਤੇ ਜਾਨਵਰਾਂ ਨੂੰ ਲਾਇਆ ਜਾਂਦਾ ਹੈ। ਇਸ ਦੇ ਕਾਰਨ, ਦੁੱਧ ਅਤੇ ਡੇਅਰੀ ਉਤਪਾਦਾਂ ਵਿੱਚ ਵੀ ਆਕਸੀਟੋਸਿਨ ਪਾਇਆ ਜਾਂਦਾ ਹੈ ਜੋ ਅਸੀਂ ਖਾਣ-ਪੀਣ ਵਿੱਚ ਵਰਤਦੇ ਹਾਂ, ਅਤੇ ਇਸੇ ਤਰ੍ਹਾਂ ਇਹ ਖ਼ਤਰਨਾਕ ਰਸਾਇਣ ਸਾਡੇ ਸਰੀਰ ਵਿੱਚ ਪਹੁੰਚ ਜਾਂਦਾ ਹੈ ਜੋ ਅਸਿੱਧੇ ਤੌਰ ਤੇ ਬਹੁਤ ਸਾਰੇ ਮਾੜੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ।

ਇਸ ਰਸਾਇਣ ਨਾਲ ਲੜਕੀਆਂ ਵਿੱਚ ਸਮੇਂ ਤੋਂ ਪਹਿਲਾਂ ਜਵਾਨੀ ਦੇ ਲੱਛਣ ਦਿੱਸਣਾ, ਪੁਰਸ਼ਾਂ ਵਿੱਚ ਛਾਤੀ ’ਤੇ ਉਭਾਰ ਅਤੇ ਹਾਰਮੋਨ ਅਸੰਤੁਲਨ ਦੇ ਕਾਰਨ ਟੈਸਟੋਸਟੀਰੋਨ ਦੇ ਉਤਪਾਦਨ ਵਿੱਚ ਕਮੀ ਹੋਣ ਵਰਗੀਆਂ ਸਥਿਤੀਆਂ ਬਣ ਜਾਂਦੀਆਂ ਹਨ। ਗਰਭਵਤੀ ਔਰਤਾਂ ਨੂੰ ਵੀ ਆਕਸੀਟੋਸੀਨ ਦਾ ਮਿਲਾਵਟ ਵਾਲਾ ਦੁੱਧ ਵੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਨਾਲ ਗਰਭਪਾਤ ਤੋਂ ਇਲਾਵਾ ਬੱਚੇ ਵਿੱਚ ਜਮਾਂਦਰੂ ਕਮੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦਾ ਕੰਮ ਖ਼ਾਸ ਤੌਰ ‘ਤੇ ਸੈੱਲਾਂ ਦੇ ਵਾਧੇ ਨੂੰ ਰੋਕਣਾ ਹੈ।


ਪੁਰਸ਼ਾਂ ਦੀ ਸਿਹਤ ‘ਤੇ ਸਿੰਥੈਟਿਕ ਦੁੱਧ ਦੇ ਮਾੜੇ ਅਸਰ

ਦੁੱਧ ਵਿਚ ਪ੍ਰੋਲੇਕਟਿਨ, ਲਿਊਟੀਨਾਈਜ਼ਿੰਗ, ਐਸਟ੍ਰੋਜਨ, ਪ੍ਰੋਜੈਸਟਰਾਨ, ਆਕਸੀਟੋਸਿਨ ਵਰਗੇ ਹਾਰਮੋਨ ਤੋਂ ਇਲਾਵਾ ਵਿਕਾਸ ਲਈ ਜ਼ਰੂਰੀ ਅਤੇ ਥਾਇਰਾਇਡ ਉਤੇਜਕ ਹਾਰਮੋਨਜ਼ ਵੀ ਪਾਏ ਜਾਂਦੇ ਹਨ। ਇਹ ਹਾਰਮੋਨ ਅਸੰਤੁਲਨ ਪੈਦਾ ਕਰ ਸਕਦੇ ਹਨ, ਜਿਸ ਨਾਲ ਮਰਦਾਂ ਦੀ ਪ੍ਰਜਣਨ ਸਮਰਥਾ ਘਟ ਜਾਂਦੀ ਹੈ।

ਜੇ ਮਨੁੱਖਾਂ ਵਿੱਚ ਐਸਟ੍ਰੋਜਨ ਹਾਰਮੋਨ ਦਾ ਪੱਧਰ 70 ਪ੍ਰਤੀਸ਼ਤ ਤੋਂ ਵੱਧ ਹੈ, ਤਾਂ ਇਸ ਦਾ ਕਾਰਨ ਮਿਲਾਵਟੀ ਦੁੱਧ ਦੇ ਉਤਪਾਦ ਹਨ। ਐਸਟ੍ਰੋਜਨ ਹਾਰਮੋਨਸ ਦੀ ਜ਼ਿਆਦਾ ਮਾਤਰਾ ਦੇ ਕਾਰਨ, ਸ਼ੁਕਰਾਣੂਆਂ ਦੇ ਬਣਨ ਦੀ ਗਤੀ ’ਤੇ ਅਸਰ ਹੋਣ ਨਾਲ ਉਨ੍ਹਾਂ ਦੀ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ।


ਮਿਲਾਵਟੀ ਦੁੱਧ ਦੇ ਮਹਿਲਾਵਾਂ ’ਤੇ ਵੀ ਮਾੜੇ ਅਸਰ

ਔਰਤਾਂ ਵੀ ਮਿਲਾਵਟੀ ਦੁੱਧ ਕਾਰਨ ਸਮੱਸਿਆ ਵਿੱਚ ਹਨ। ਜ਼ਿਆਦਾਤਰ ਔਰਤਾਂ ਵਿੱਚ ਹੋਣ ਵਾਲੇ ਐਂਡੋਮੈਟ੍ਰਿਓਸਿਸ ਅਤੇ ਪੀਸੀਓਐਸ ਵਰਗੀਆਂ ਬਿਮਾਰੀਆਂ ਵੀ ਦੁੱਧ ਵਿੱਚ ਐਸਟ੍ਰੋਜਨ ਹਾਰਮੋਨ ਦੀ ਵਧੇਰੇ ਮਾਤਰਾ ਦੇ ਕਾਰਨ ਹੁੰਦੀਆਂ ਹਨ। ਭਾਰਤ ਦੀ 70 ਫ਼ੀਸਦੀ ਅਬਾਦੀ ਪਲਾਸਟਿਕ ਸਮੱਗਰੀ ਤੋਂ ਬਣੇ ਪੈਕਿਡ (ਡੱਬਾਬੰਦ) ਦੁੱਧ ਦੀ ਵਰਤੋਂ ਕਰਦੀ ਹੈ। ਪਲਾਸਟਿਕ ਵਿੱਚ ਇੱਕ ਬੀਪੀਏ ਰਸਾਇਣ ਹੁੰਦਾ ਹੈ ਜੋ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰਦਾ ਹੈ। ਔਰਤਾਂ ਵਿੱਚ ਹਾਰਮੋਨ ਅਸੰਤੁਲਨ ਦੇ ਕਾਰਨ ਓਵਰੀਜ਼ ਦਾ ਕਾਰਜ ਵੀ ਵਿਗੜ ਜਾਂਦਾ ਹੈ, ਜਿਸ ਨਾਲ ਗਰਭ ਧਾਰਨ ਵਿੱਚ ਦਿੱਕਤਾਂ ਆਉਂਦੀਆਂ ਹਨ।


ਇੰਞ ਕਰੋ ਮਿਲਾਵਟੀ ਦੁੱਧ ਦੀ ਪਛਾਣ

ਮਿਲਾਵਟੀ ਦੁੱਧ ਸਵਾਦ ਵਿੱਚ ਥੋੜ੍ਹਾ ਜਿਹਾ ਖੱਟਾ ਜਾਂ ਹਲਕਾ ਕੌੜਾ ਹੁੰਦਾ ਹੈ ਜਦੋਂ ਕਿ ਸ਼ੁੱਧ ਦੁੱਧ ਵਿੱਚ ਹਲਕੀ ਮਿਠਾਸ ਹੁੰਦੀ ਹੈ। ਸ਼ੁੱਧ ਦੁੱਧ ਗਰਮ ਕਰਨ ‘ਤੇ ਚਿੱਟਾ ਹੀ ਰਹਿੰਦਾ ਹੈ, ਜਦਕਿ ਮਿਲਾਵਟੀ ਦੁੱਧ ਹਲਕਾ ਪੀਲਾ ਪੈ ਜਾਂਦਾ ਹੈ।

ਥੋੜਾ ਜਿਹਾ ਦੁੱਧ ਲਓ ਅਤੇ ਓਨਾ ਹੀ ਪਾਣੀ ਲਓ। ਦੁੱਧ ਅਤੇ ਪਾਣੀ ਦੋਵਾਂ ਨੂੰ ਮਿਲਾਓ। ਹੁਣ ਇਸ ਨੂੰ ਹਿਲਾ ਕੇ ਦੇਖੋ, ਜੇ ਇਸ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਹੋਏਗਾ ਤਾਂ ਤੁਸੀਂ ਬਹੁਤ ਜ਼ਿਆਦਾ ਝੱਗ ਦੇਖੋਂਗੇ ਅਤੇ ਇਸ ਝੱਗ ਵਿਚਲੇ ਬੁਲਬੁਲਿਆਂ ਨੂੰ ਰੋਸ਼ਨੀ ਵਿੱਚ ਲੈ ਜਾਓ। ਹੁਣ ਰੌਸ਼ਨੀ ’ਚ ਝੱਗ ਦੇ ਬੁਲਬੁਲਿਆਂ ਵੱਲ ਧਿਆਨ ਦਿਓ, ਜੇ ਝੱਗ ਵਿੱਚ ਬਣੇ ਬੁਲਬੁਲੇ ਵੱਡੇ ਹਨ ਅਤੇ ਰੰਗ ਵੀ ਦਿਖਾਈ ਦਿੰਦਾ ਹੈ, ਤਾਂ ਇਹ ਦੁੱਧ ਵਿੱਚ ਡਿਟਰਜੈਂਟ ਦੀ ਮਿਲਾਵਟ ਦਰਸਾਉਂਦਾ ਹੈ।

ਦੁੱਧ ਨੂੰ ਭਾਂਡੇ ਵਿੱਚ ਤੇਜ਼ੀ ਨਾਲ ਚਮਚੇ ਨਾਲ ਹਿਲਾਓ। ਜੇ ਦੁੱਧ ਨਕਲੀ ਹੋਵੇਗਾ ਤਾਂ ਬਰਤਨ ਵਿੱਚ ਬਣੀ ਝੱਗ ਕੁਝ ਸਮੇਂ ਬਾਅਦ ਖ਼ਤਮ ਹੋਵੇਗੀ, ਯਕਦਮ ਨਹੀਂ। ਸਿੰਥੈਟਿਕ ਦੁੱਧ ਵਿੱਚ ਉਂਗਲੀ ਘੁੰਮਾ ਕੇ ਬਾਹਰ ਕੱਢੋ। ਜੇਕਰ ਉਂਗਲੀ ‘ਤੇ ਸਾਬਣ ਜਿਹੀ ਚਿਕਨਾਹਟ ਮਹਿਸੂਸ ਹੋਈ ਤਾਂ ਦੁੱਧ ਨਕਲੀ ਹੋ ਸਕਦਾ ਹੈ।

ਸਟਰ੍ਰਿਪ ਨਾਲ ਮਿਲਾਵਟੀ ਦੁੱਧ ਦੀ ਕਿਵੇਂ ਕਰੀਏ ਜਾਂਚ?

ਇੱਕ ਵਿਸ਼ੇਸ਼ ਕਿਸਮ ਦੀ ਮਲਟੀ-ਕਿੱਟ ਦੀ ਸਹਾਇਤਾ ਨਾਲ ਮਿਲਾਵਟੀ ਦੁੱਧ ਦੀ ਪਛਾਣ ਕਰਨਾ ਬਹੁਤ ਸੌਖਾ ਹੈ। ਇਸ ਸਟ੍ਰਿਪ ਦੀ ਵਰਤੋਂ ਕਰਕੇ ਸੁਕਰੋਜ਼ ਤੋਂ ਲੈ ਕੇ ਗਲੂਕੋਜ਼, ਯੂਰੀਆ, ਹਾਈਡਰੋਜਨ ਪਰਆਕਸਾਈਡ, ਨਿਉਟਰਲਾਈਜ਼ਰ ਤੇ ਮੇਲਡੋਕਸਟਰਿਨ ਤਕ ਦੀ ਮਾਤਰਾ ਦਾ ਸਹੀ ਪਤਾ ਲਾਇਆ ਜਾ ਸਕਦਾ ਹੈ।

ਇਸ ਕਿੱਟ ਨੂੰ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਉਟ ਵੱਲੋਂ ਵਿਕਸਤ ਕੀਤਾ ਗਿਆ ਹੈ। ਦੁੱਧ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਬਣਾਈ ਗਈ ਇਸ ਪੱਟੀ (ਸਟ੍ਰਿਪ) ਅਧਾਰਤ ਕਿੱਟ ਨਾਲ, ਦੁੱਧ ਵਿੱਚ ਵੱਖ-ਵੱਖ ਪਦਾਰਥਾਂ ਨੂੰ ਜਾਂਚਣਾ ਸੰਭਵ ਹੈ।

ਜੇ ਚਿੱਟੀ ਪੱਟੀ ਇੱਕ ਤੋਂ ਪੰਜ ਐਮਐਲ ਦੁੱਧ ਵਿੱਚ ਪੰਜ ਸਕਿੰਟਾਂ ਲਈ ਡੁਬੋ ਕੇ ਤੇ ਪੰਜ ਤੋਂ ਅੱਠ ਮਿੰਟ ਲਈ ਬਾਹਰ ਰੱਖੇ ਜਾਣ ’ਤੇ ਰੰਗ ਪੀਲਾ ਪੈ ਜਾਵੇ, ਤਾਂ ਰੰਗ ਮਿਲਾਵਟੀ ਹੈ। ਹਰ ਕਿਸਮ ਦੀ ਸਮੱਗਰੀ ਦੀ ਸਕਾਰਾਤਮਕ ਤੇ ਨਕਾਰਾਤਮਕ ਜਾਂਚ ਲਈ ਵੱਖੋ-ਵੱਖਰੇ ਰੰਗ ਤੈਅ ਕੀਤੇ ਗਏ ਹਨ।

ਡੇਅਰੀ ਓਪਰੇਟਰ, ਕਨਫੈਕਸ਼ਨਰ, ਕੂਲਿੰਗ ਸੈਂਟਰ, ਕੁਆਲਟੀ ਕੰਟਰੋਲ ਲੈਬ, ਦੁੱਧ ਵੇਚਣ ਵਾਲੇ ਤੇ ਆਮ ਲੋਕ ਵੀ ਕਿੱਟ ਦਾ ਲਾਭ ਲੈ ਸਕਦੇ ਹਨ। ਇਸ ਦੀ ਵਰਤੋਂ ਬਹੁਤ ਹੀ ਅਸਾਨੀ ਨਾਲ ਕਰ, ਦੁੱਧ ਦੀ ਸ਼ੁੱਧਤਾ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ।


 

Exit mobile version