‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਕਾਰਨ 5 ਮਹੀਨੇ ਤੋਂ ਵੱਧ ਸਮੇਂ ਤੱਕ ਬੰਦ ਪਿਆ ਭਾਰਤ ਹੁਣ ਅਨਲਾਕ ਦੀ ਪ੍ਰਕਿਰਿਆ ਅਨੁਸਾਰ ਹੌਲੀ-ਹੌਲੀ ਖੁੱਲ੍ਹ ਰਿਹਾ ਹੈ ਜਿਸ ਤੋਂ ਬਾਅਦ ਦਿੱਲੀ ਮੈਟਰੋ ਨੇ ਅੱਜ 7 ਸਤੰਬਰ ਨੂੰ ‘ਯੈਲੋ ਲਾਈਨ’ ’ਤੇ ਆਪਣੀ ਸੀਮਤ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਦੌਰਾਨ ਯਾਤਰੀ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਨਜ਼ਰ ਆਏ। ਮੈਟਰੋ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਗੇੜ ‘ਚ ਮੈਟਰੋ ਸਵੇਰੇ 4 ਘੰਟੇ (7 ਤੋਂ 11 ਵਜੇ ਤੱਕ) ਅਤੇ ਸ਼ਾਮ ਨੂੰ 4 ਘੰਟੇ(ਸ਼ਾਮ 4 ਤੋਂ ਰਾਤ 8ਵਜੇ ) ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਸਖ਼ਤ ਸੁਰੱਖਿਆ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਸਵੇਰੇ 7 ਵਜੇ ਮੈਟਰੋ ਸ਼ੁਰੂ ਕਰ ਦਿੱਤੀ ਗਈ ਹੈ।
ਪਹਿਲੀ ਗੱਡੀ ਸਮੈਪੁਰ ਬਾਦਲੀ ਤੋਂ ਹੁੱਡਾ ਸੈਂਟਰ ਲਈ ਰਵਾਨਾ ਹੋਈ। DMRC ਨੇ ਹੁੱਡਾ ਸਿਟੀ ਸੈਂਟਰ ਤੋਂ ਰਵਾਨਾ ਹੋਈ ਪਹਿਲੀ ਗੱਡੀ ਦਾ ਵੀਡੀਓ ਟਵਿੱਟਰ ’ਤੇ ਸ਼ੇਅਰ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੈਟਰੋ ਸੇਵਾ ਬਹਾਲ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ, ‘ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਮੈਟਰੋ ਸ਼ੁਰੂ ਹੋ ਰਹੀ ਹੈ। ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਕੋਈ ਲਾਪ੍ਰਵਾਈ ਨਹੀਂ ਕਰਨੀ ਚਾਹੀਦੀ। ਯਾਤਰੀਆਂ ਦੀ ਸਰੀਰਕ ਤਾਪਮਾਨ ਦੀ ਜਾਂਚ ਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸਟੇਸ਼ਨ ‘ਚ ਜਾਣ ਦਿੱਤਾ ਗਿਆ। ਕੋਵਿਡ-19 ਕਾਰਨ NCR ਵਿੱਚ ਮੈਟਰੋ ਸੇਵਾਵਾਂ 22 ਮਾਰਚ ਤੋਂ ਬੰਦ ਸਨ।