India

ਏਅਰ ਇੰਡੀਆ ਇੰਟਰਨੈਸ਼ਨਲ ਫਲਾਈਟ ਦੇ ਖਾਣੇ ’ਚ ਮਿਲਿਆ ਬਲੇਡ! ਮਸਾਂ ਬਚਿਆ ਯਾਤਰੀ, ਖਾਣਾ ਖਾਂਦਿਆਂ ਲੱਗਾ ਪਤਾ

ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਵਿੱਚ ਇੱਕ ਯਾਤਰੀ ਦੇ ਖਾਣੇ ਵਿੱਚ ਬਲੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਇਸ ਪੋਸਟ ਤੋਂ ਬਾਅਦ ਐਤਵਾਰ 16 ਜੂਨ ਨੂੰ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਯਾਤਰੀ ਦੇ ਖਾਣੇ ‘ਚ ਬਲੇਡ ਪਾਏ ਜਾਣ ਦੀ ਗੱਲ ਨੂੰ ਸਵੀਕਾਰ ਕੀਤਾ ਤੇ ਮੁਆਫ਼ੀ ਮੰਗੀ।

ਸ਼ਕਰਕੰਦੀ ਤੇ ਅੰਜੀਰ ਦੀ ਚਾਟ ਵਿੱਚ ਮਿਲਿਆ ਧਾਤੂ ਦਾ ਟੁਕੜਾ

ਦਰਅਸਲ, ਮੈਥੁਰੇਸ ਪੌਲ ਨਾਂ ਦਾ ਯਾਤਰੀ ਏਅਰ ਇੰਡੀਆ ਦੀ ਫਲਾਈਟ ਰਾਹੀਂ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਜਾ ਰਿਹਾ ਸੀ। ਪੌਲ ਨੇ 10 ਜੂਨ ਨੂੰ X ‘ਤੇ ਏਅਰ ਇੰਡੀਆ ਦੀ ਫਲਾਈਟ ਵਿੱਚ ਖਾਣੇ ਵਿੱਚ ਮਿਲੇ ਬਲੇਡ ਦੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ।

ਪੌਲ ਨੇ ਫੋਟੋਆਂ ਸ਼ੇਅਰ ਕੀਤੀਆਂ ਅਤੇ ਪੋਸਟ ‘ਚ ਲਿਖਿਆ, “ਏਅਰ ਇੰਡੀਆ ਦਾ ਭੋਜਨ ਚਾਕੂ ਦੀ ਤਰ੍ਹਾਂ ਕੱਟ ਸਕਦਾ ਹੈ। ਭੁੰਨੇ ਹੋਏ ਸ਼ਕਰਕੰਦੀ ਅਤੇ ਅੰਜੀਰ ਦੀ ਚਾਟ ਵਿੱਚ ਧਾਤ ਦਾ ਇੱਕ ਟੁਕੜਾ ਮਿਲਿਆ, ਜੋ ਕਿ ਬਲੇਡ ਵਰਗਾ ਲੱਗਦਾ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਭੋਜਨ ਨੂੰ ਕੁਝ ਸਕਿੰਟਾਂ ਲਈ ਚਬਾਉਣ ਤੋਂ ਬਾਅਦ ਹੀ ਹੋਇਆ। ਸ਼ੁਕਰ ਹੈ, ਮੈਨੂੰ ਕੋਈ ਨੁਕਸਾਨ ਨਹੀਂ ਹੋਇਆ।”

“ਬੇਸ਼ੱਕ, ਸਾਰਾ ਦੋਸ਼ ਏਅਰ ਇੰਡੀਆ ਦੀ ਕੇਟਰਿੰਗ ਸੇਵਾ ‘ਤੇ ਹੈ। ਜੇ ਕਿਸੇ ਬੱਚੇ ਨੂੰ ਭੋਜਨ ਪਰੋਸਿਆ ਗਿਆ ਤਾਂ ਕੀ ਹੋਵੇਗਾ? ਪਹਿਲੀ ਫੋਟੋ ਉਸ ਧਾਤ ਦੇ ਟੁਕੜੇ ਨੂੰ ਦਰਸਾਉਂਦੀ ਹੈ ਜਿਸ ਨੂੰ ਮੈਂ ਥੁੱਕ ਦਿੱਤਾ ਸੀ ਅਤੇ ਦੂਜੀ ਫੋਟੋ ਉਹ ਭੋਜਨ ਦਿਖਾਉਂਦੀ ਹੈ ਜੋ ਮੈਨੂੰ ਪਰੋਸਿਆ ਗਿਆ ਸੀ।”

ਏਅਰ ਇੰਡੀਆ ਦੇ ਅਧਿਕਾਰੀ ਨੇ ਮੰਗੀ ਮੁਆਫੀ

ਯਾਤਰੀ ਦੀ ਇਸ ਪੋਸਟ ਤੋਂ ਬਾਅਦ, 16 ਜੂਨ ਨੂੰ, ਏਅਰ ਇੰਡੀਆ ਦੇ ਮੁੱਖ ਗਾਹਕ ਅਨੁਭਵ ਅਧਿਕਾਰੀ (Chief Customer Experience Officer) ਰਾਜੇਸ਼ ਡੋਗਰਾ ਨੇ ਮੁਆਫ਼ੀ ਮੰਗਦਿਆਂ ਕਿਹਾ, “ਪਿਆਰੇ ਮਿਸਟਰ ਪੌਲ, ਸਾਨੂੰ ਇਸ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਇਹ ਸੇਵਾ ਦੇ ਪੱਧਰ ਨੂੰ ਨਹੀਂ ਦਰਸਾਉਂਦਾ ਜੋ ਅਸੀਂ ਆਪਣੇ ਯਾਤਰੀਆਂ ਨੂੰ ਪ੍ਰਦਾਨ ਕਰਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ ਆਪਣੇ ਸੀਟ ਨੰਬਰ ਦੇ ਨਾਲ ਆਪਣੇ ਬੁਕਿੰਗ ਵੇਰਵੇ ਭੇਜੋ। ਅਸੀਂ ਯਕੀਨੀ ਬਣਾਵਾਂਗੇ ਕਿ ਇਸ ਮਾਮਲੇ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਹੱਲ ਕੀਤਾ ਜਾਵੇ।”