‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਮਨਾਈ ਗਈ। ਅੱਜ ਸਵੇਰੇ ਸ਼ੀੱ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਸਮਾਗਮ ਕਰਵਾਏ ਗਏ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ।
ਜਥੇਦਾਰ ਹਰਪ੍ਰੀਤ ਸਿੰਘ ਦਾ ਸਿੱਖ ਕੌਮ ਨੂੰ ਸੰਦੇਸ਼
- ਜੂਨ 1984 ਵਿੱਚ ਭਾਰਤ ਦੀ ਫੌਜ ਨੇ ਸਾਡੇ ਅਕਾਲ ਤਖਤ ਸਾਹਿਬ ਉੱਤੇ ਚੀਨ ਅਤੇ ਪਾਕਿਸਤਾਨ ਵਾਂਗ ਹਮਲਾ ਕੀਤਾ। ਇਹ ਇੱਕ ਐਸਾ ਨਾਸੂਰ ਹੈ, ਜੋ ਸਾਡੇ ਪਿੰਡੇ ‘ਤੇ ਸਦਾ ਰਿਸਦਾ ਰਹੇਗਾ। ਇਸ ਘੱਲੂਘਾਰੇ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ।
- ਇਸ ਨਾਸੂਰ ਦੀ ਦਵਾਈ ਅਸੀਂ ਸਾਰੇ ਜਾਣਦੇ ਹਾਂ ਪਰ ਇਹ ਪ੍ਰਾਪਤ ਕਿਵੇਂ ਹੋਣੀ ਹੈ ਇਸ ਬਾਰੇ ਅਸੀਂ ਕਦੇ ਸਿਰ ਜੋੜ ਕੇ ਵਿਚਾਰ ਨਹੀਂ ਕੀਤਾ।
- ਸਾਨੂੰ ਅੱਜ ਆਪਣੇ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਇਕੱਠੇ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਇਸ ਮਾਮਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਚੀਫ ਖ਼ਾਲਸਾ ਦੀਵਾਨ, ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ ਬੋਰਡ, ਸਾਡੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਇਹ ਸਾਰੀਆਂ ਸੰਸਥਾਵਾਂ ਸਾਡੀ ਤਾਕਤ ਹਨ ਅਤੇ ਅਸੀਂ ਇਨ੍ਹਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ।
- ਸਾਡਾ ਸਿਆਸੀ ਵਿਰੋਧ ਅਲੱਗ ਚੀਜ਼ ਹੈ, ਪਰ ਇਨ੍ਹਾਂ ਸੰਸਥਾਵਾਂ ਨੂੰ ਸਿਆਸੀ ਵਿਰੋਧ ਦੀ ਆੜ ਵਿੱਚ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ।
- ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਘੱਲੂਘਾਰੇ ਨੂੰ ਨਸਲਕੁਸ਼ੀ ਨਹੀਂ ਬਲਕਿ ਘੱਲੂਘਾਰਾ ਕਿਹਾ ਜਾਵੇ ਕਿਉਂਕਿ ਸਾਡੇ ਯੋਧਿਆਂ ਨੇ ਭਾਰਤੀ ਫੌਜ ਨੂੰ ਮੂੰਹ ਤੋੜਵਾਂ ਕਰਾਰਾ ਜਵਾਬ ਦਿੱਤਾ ਸੀ ਇਸ ਕਰਕੇ ਇਹ ਘੱਲੂਘਾਰਾ ਸੀ, ਸਾਡਾ ਸਰਵਨਾਸ਼ ਕਰਨ ਦੀ ਕੋਸ਼ਿਸ਼ ਸੀ।
- ਜਥੇਦਾਰ ਨੇ ਕਿਹਾ ਕਿ ਸਾਨੂੰ ਈਮੇਲ ਆਈਆਂ ਕਿ ਇਸ ਘੱਲੂਘਾਰੇ ਨੂੰ ਅੰਮ੍ਰਿਤਸਰ ਨਸਲਕੁਸ਼ੀ ਐਲਾਨਿਆ ਜਾਵੇ। ਇਹ ਚੁਰਾਸੀ ਦਾ ਘੱਲੂਘਾਰਾ ਸਿਰਫ਼ ਅੰਮ੍ਰਿਤਸਰ ਵਿੱਚ ਨਹੀਂ ਹੋਇਆ ਸਗੋਂ 37 ਹੋਰ ਗੁਰਦੁਆਰਿਆਂ ‘ਤੇ ਵੀ ਭਾਰਤੀ ਫ਼ੌਜ ਨੇ ਹਮਲਾ ਕੀਤਾ। ਉੱਥੇ ਵੀ ਸ਼ਹਾਦਤਾਂ ਹੋਈਆਂ ਨੇ, ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਹਨ।
- ਨਸਲਕੁਸ਼ੀ 1 ਨਵੰਬਰ ਤੋਂ 4 ਨਵੰਬਰ ਤੱਕ ਹੋਈ ਹੈ। ਦਿੱਲੀ, ਕਾਨ੍ਹਪੁਰ, ਟਾਟਾ ਨਗਰ ਦੀਆਂ ਸੜਕਾਂ ‘ਤੇ ਅਸੀਂ ਜਰਵਾਣਿਆਂ ਨਾਲ ਅਕਾਲ ਪੁਰਖ਼ ਦੀ ਬਖ਼ਸ਼ੀ ਸਮਰੱਥਾ ਮੁਤਾਬਕ ਮੁਕਾਬਲਾ ਕੀਤਾ ਹੈ। ਬਿਲਕੁਲ ਉਸੇ ਤਰ੍ਹਾਂ ਜਵਾਬ ਦਿੱਤਾ ਹੈ ਜਿਵੇਂ 1747 ਵਿੱਚ ਕਾਹਨੂੰਵਾਨ ਦੇ ਛੰਭ ਦੇ ਵਿੱਚ ਕੀਤਾ ਸੀ ਭਾਵੇਂ ਸੱਤ ਹਜ਼ਾਰ ਸਿੰਘ ਬੱਚੇ-ਬੱਚੀਆਂ ਸ਼ਹੀਦ ਹੋਏ।
- ਸਾਡੀ ਖੁਸ਼ਕਿਸਮਤੀ ਹੈ ਕਿ ਪਿਛਲੇ ਦਿਨੀਂ ਯੂ.ਪੀ. ਵਿੱਚ ਇੱਕ ਸਿੱਖ ਦੀ ਕੁੱਟਮਾਰ ਹੋਈ ਤਾਂ ਉਸਦਾ ਅਮਰੀਕਾ, ਅਸਟ੍ਰੇਲੀਆ, ਇੰਗਲੈਂਡ ਤੱਕ ਸਿੱਖਾਂ ਨੇ ਵਿਰੋਧ ਕੀਤਾ। ਇਹ ਸਾਡਾ ਜ਼ਿੰਦਾ ਹੋਣ ਦਾ ਸਬੂਤ ਹੈ।