Punjab

45 ਦੇ ਕਰੀਬ ਪਹੁੰਚਿਆ ਪਾਰਾ, ਪੰਜਾਬ ਵਿੱਚ 4 ਦਿਨਾਂ ਲਈ ਹੀਟਵੇਵ ਅਲਰਟ

ਪੰਜਾਬ ਵਿੱਚ ਗਰਮੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸ ਦੌਰਾਨ, ਅੱਜ ਪੰਜਾਬ ਵਿੱਚ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 1.1 ਡਿਗਰੀ ਸੈਲਸੀਅਸ ਵਧਿਆ ਅਤੇ ਆਮ ਨਾਲੋਂ 4.5 ਡਿਗਰੀ ਵੱਧ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।

ਮੌਸਮ ਵਿਭਾਗ ਅਨੁਸਾਰ, ਸੂਬੇ ਵਿੱਚ ਹੀਟਵੇਵ ਅਲਰਟ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਦੋ ਜ਼ਿਲ੍ਹਿਆਂ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਮੀਂਹ, ਤੂਫਾਨ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਦੀ ਕੋਈ ਗਤੀਵਿਧੀ ਨਹੀਂ ਹੋਈ ਹੈ ਅਤੇ ਅਸਮਾਨ ਸਾਫ਼ ਰਹੇਗਾ। ਇਸ ਕਾਰਨ ਗਰਮੀ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।

ਹੀਟ ਵੇਵ ਦਾ ਅਲਰਟ

ਮੌਸਮ ਵਿਭਾਗ ਨੇ 29 ਅਪ੍ਰੈਲ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। 26 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਐਸਏਐਸ, ਫਤਿਹਗੜ੍ਹ ਸਾਹਿਬ, ਪਟਿਆਲਾ, ਫਾਜ਼ਿਲਕਾ, ਫਰੀਦਕੋਟ, ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ ਅਤੇ ਮੁਕਤਸਰ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ 27-28 ਅਪ੍ਰੈਲ ਨੂੰ ਕੇਂਦਰੀ ਪੰਜਾਬ ਅਤੇ ਦੱਖਣੀ ਜ਼ਿਲ੍ਹਿਆਂ ਵਿੱਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ। ਪੂਰੇ ਸੂਬੇ ਵਿੱਚ, ਸਿਰਫ਼ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਹੀ ਇਸ ਤੋਂ ਬਚੇ ਰਹਿਣਗੇ। ਪੂਰਾ ਪੰਜਾਬ ਗਰਮੀ ਦੀ ਲਪੇਟ ਵਿੱਚ ਆਵੇਗਾ।

29 ਅਪ੍ਰੈਲ ਨੂੰ ਕੁਝ ਜ਼ਿਲ੍ਹਿਆਂ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਨਵਾਂਸ਼ਹਿਰ, ਰੂਪਨਗਰ ਵਿੱਚ ਰਾਹਤ ਦੀ ਉਮੀਦ ਹੈ, ਪਰ ਮਾਲਵਾ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।