‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਅਦਾਰਾ ਸੰਵੇਦਨਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਓਗ ਨਾਲ ਕੌਮਾਂਤਰੀ ਇਸਤਰੀ ਦਿਵਸ ‘ਤੇ ਮਹਿਲਾ ਪੰਚਾਇਤ ਅਤੇ ਅਜੋਕਾ ਕਿਸਾਨੀ ਸੰਘਰਸ਼ ਤੇ ਔਰਤਾਂ ਵਿਸ਼ੇ ਤਹਿਤ ਵਿਚਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਸ਼ਾਇਰਾ ਪ੍ਰੋ. ਮਨਜੀਤ ਇੰਦਰਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ ਪੰਜਾਬ ਯੂਨੀਵਰਸਿਟੀ ਤੋਂ ਡਾ. ਅਮੀਰ ਸੁਲਤਾਨਾ ਨੇ ਮੌਜੂਦਾ ਦੌਰ ਵਿੱਚ ਔਰਤਾਂ ਦੇ ਰੋਲ ਤੇ ਸਮਾਜਿਕ ਪਰੇਸ਼ਾਨੀਆਂ ‘ਤੇ ਆਪਣੇ ਖੁਲ੍ਹ ਕੇ ਵਿਚਾਰ ਰੱਖੇ।
ਚੰਡੀਗੜ੍ਹ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰਦਿਆਂ ਡਾ. ਲਾਭ ਸਿੰਘ ਖੀਵਾ ਨੇ ਔਰਤਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਨੂੰ ਹਮੇਸ਼ਾ ਜਿਊਂਦਾ ਜਾਗਦਾ ਰੱਖਣ ਦੀ ਅਪੀਲ ਵੀ ਕੀਤੀ। ਮੀਡੀਆ ਕੋਆਰਡੀਨੇਟਰ ਤੇ ਉੱਘੇ ਕਾਲਮਨਵੀਸ ਨਿੰਦਰ ਘੁੱਗਿਆਣਵੀ ਨੇ ਆਏ ਹੋਏ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਦਾ ਫੁੱਲਾਂ ਦੇ ਗੁੱਲਦਸਤੇ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਕਵੀ ਸੰਮੇਲਨ ਵੀ ਕਰਵਾਇਆ ਗਿਆ, ਜਿਸ ਵਿੱਚ ਕਵਿੱਤਰੀਆਂ ਨੇ ਕਵਿਤਾਵਾਂ ਰਾਹੀਂ ਨਾਰੀ ਮਨ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਰਾਹੀਂ ਬਿਆਨ ਕੀਤਾ।
ਕੌੰਮਾਂਤਰੀ ਮਹਿਲਾ ਦਿਵਸ ਤੇ ਕਰਵਾਈ ਗਈ ਇਸ ਮਹਿਲਾ ਪੰਚਾਇਤ ਦਾ ਮਕਸਦ ਔਰਤਾਂ ਪ੍ਰਤੀ ਇਕ ਹਾਂ ਪੱਖੀ ਤੇ ਉਸਾਰੂ ਸੋਚ ਪੈਦਾ ਕਰਨਾ ਸੀ। ਤਾਂ ਕਿ ਰੂੜੀਵਾਦੀ ਸੋਚ ਦਾ ਤਿਆਗ ਕਰਕੇ ਮਰਦ ਵੀ ਔਰਤਾਂ ਨੂੰ ਬਰਾਬਰੀ ਦੇ ਹੱਕ ਤਰਸ ਦੇ ਆਧਾਰ ਤੇ ਨਹੀਂ ਸਗੋਂ ਉਨ੍ਹਾਂ ਦੇ ਜ਼ਮਹੂਰੀ ਹੱਕ ਸਮਝ ਕੇ ਸਾਂਝੇ ਕਰ ਸਕਣ।