‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਦੇ ਆਸਾਰ ਬਣਨ ਲੱਗੇ ਹਨ। ਕਾਂਗਰਸ ਦੇ ਬਾਗੀ ਧੜੇ ਨੇ ਕਪਤਾਨ ਨੂੰ ਕੁਰਸੀ ਤੋਂ ਲਾਹੁਣ ਦੀ ਠਾਣ ਲਈ ਹੈ। ਅਮਰਿੰਦਰ ਸਿੰਘ ਦੇ ਪਿਛਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਵੀ ਉਨ੍ਹਾਂ ਦੀ ਕੁਰਸੀ ਡੋਲਦੀ ਰਹੀ ਸੀ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਦਿੱਲੀ ਡੇਰੇ ਲਾਈ ਰੱਖੇ ਸਨ। ਉਦੋਂ ਵੀ ਹੁਣ ਦੀ ਤਰ੍ਹਾਂ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਸੀ। ਅੱਜ ਅਮਰਿੰਦਰ ਵਿਰੋਧੀ ਧੜੇ ਨੇ ਇੱਕ ਮੀਟਿੰਗ ਕਰਕੇ ਕੈਪਟਨ ਦੇ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਦਾ ਫੈਸਲਾ ਲਿਆ ਹੈ। ਇਸ ਲਈ ਕਪਤਾਨ ਵਿਰੋਧੀ ਧੜਾ ਹਾਈਕਮਾਨ ਨਾਲ ਮੀਟਿੰਗ ਕਰੇਗਾ, ਜਿਸ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਹਾਈਕਮਾਨ ਨੂੰ ਇਹ ਵਫ਼ਦ ਮਿਲੇਗਾ। ਬਾਗੀ ਲੀਡਰ ਕੈਪਟਨ ਦੀ ਥਾਂ ਕੋਈ ਹੋਰ ਲੀਡਰ ਚਾਹੁੰਦੇ ਹਨ। ਵਫ਼ਦ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖ ਸਰਕਾਰੀਆ ਅਤੇ ਵਿਧਾਇਕ ਪਰਗਟ ਸਿੰਘ ਸ਼ਾਮਿਲ ਹਨ।
ਚਿਰਾਂ ਤੋਂ ਸੁਲਗਦੀ ਅੱਗ ਅੱਜ ਪੂਰੀ ਤਰ੍ਹਾਂ ਭੜਕ ਗਈ ਹੈ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਸੈਕਟਰ-2 ਸਥਿਤ ਕੋਠੀ ਨੰਬਰ 9 ਵਿੱਚ ਬਾਗੀਆਂ ਨੇ ਇੱਕ ਮੀਟਿੰਗ ਕਰਕੇ ਮੋਤੀਆਂ ਵਾਲੀ ਸਰਕਾਰ ਦੇ ਖ਼ਿਲਾਫ਼ ਖੂਬ ਭੜਾਸ ਕੱਢੀ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੀ ਮੀਟਿੰਗ ਤੋਂ ਦੂਰ ਰਹੇ। ਦੂਜੇ ਪਾਸੇ ਕੈਪਟਨ ਖੇਮਾ ਵੀ ਬਾਗੀਆਂ ਨਾਲ ਸਿੱਝਣ ਲਈ ਰਣਨੀਤੀ ਤਿਆਰ ਕਰ ਰਿਹਾ ਹੈ। ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਮੁੱਖ ਮੰਤਰੀ ਨਾਲ ਮਸਲੇ ਹੱਲ ਨਹੀਂ ਹੋਣੇ। ਹਾਲੇ ਤੱਕ ਬੇਅਦਬੀ, ਡਰੱਗ, ਬਿਜਲੀ ਦੇ ਮੁੱਦੇ ਹੱਲ ਨਹੀਂ ਹੋਏ। ਇਸ ਲਈ ਸਾਨੂੰ ਇਸ ਲੀਡਰਸ਼ਿਪ ‘ਤੇ ਭਰੋਸਾ ਨਹੀਂ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਸ਼ਮੀਰ ਮੁੱਦੇ ‘ਤੇ ਪੰਜਾਬ ਕਾਂਗਰਸ ਨੇ ਹਮੇਸ਼ਾ ਆਪਣਾ ਸਟੈਂਡ ਕਲੀਅਰ ਰੱਖਿਆ ਹੈ।
ਇਸ ਮੀਟਿੰਗ ਵਿੱਚ ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ,ਪਰਗਟ ਸਿੰਘ , ਅਮਰਿੰਦਰ ਰਾਜਾ ਵੜਿੰਗ ,ਦਵਿੰਦਰ ਘੁਬਾਇਆ, ਪਰਮਿੰਦਰ ਸਿੰਘ ਪਿੰਕੀ ,ਸੁਖਜਿੰਦਰ ਰੰਧਾਵਾ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ ਸਮੇਤ 30 ਦੇ ਕਰੀਬ ਮੰਤਰੀ ਅਤੇ ਵਿਧਾਇਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕਿਸ ਮਾਮਲੇ ‘ਤੇ ਚਰਚਾ ਹੋਈ, ਇਸ ਦੇ ਬਾਰੇ ਵਿੱਚ ਕਿਸੇ ਵੀ ਵਿਧਾਇਕ ਨੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ।