The Khalas Tv Blog India ਪੰਜਾਬ ਸਰਕਾਰ ਨੇ ਕਿਸਾਨਾਂ ਦੀ ਇੱਕ ਮੰਗ ਛੱਡ ਕੇ ਬਾਕੀ ਸਾਰੀਆਂ ਮੰਗਾਂ ਮੰਨੀਆਂ
India Punjab

ਪੰਜਾਬ ਸਰਕਾਰ ਨੇ ਕਿਸਾਨਾਂ ਦੀ ਇੱਕ ਮੰਗ ਛੱਡ ਕੇ ਬਾਕੀ ਸਾਰੀਆਂ ਮੰਗਾਂ ਮੰਨੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਿਸਾਨਾਂ ਨੇ 18 ਪੁਆਇੰਟ ਸਰਕਾਰ ਨੂੰ ਲਿਖ ਕੇ ਭੇਜੇ ਸੀ, ਜਿਨ੍ਹਾਂ ‘ਤੇ ਉਹ ਵਿਚਾਰ ਕਰਨਾ ਚਾਹੁੰਦੇ ਸੀ। ਚੰਨੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਨਾਲ ਬਹੁਤ ਵਧੀਆ, ਖੁਸ਼ੀ ਦੇ ਮਾਹੌਲ ਵਿੱਚ, ਆਪਸੀ ਤਾਲਮੇਲ ਦੇ ਵਿੱਚ ਬਹੁਤ ਵਧੀਆ ਮੀਟਿੰਗ ਹੋਈ ਹੈ। ਉਨ੍ਹਾਂ ਦੀਆਂ ਸਾਰੀਆਂ ਮੰਗਾਂ, ਜੋ ਉਨ੍ਹਾਂ ਨੇ ਸਾਨੂੰ ਕਿਹਾ, ਉਸ ਤੋਂ ਵੀ ਬਾਅਦ ਦੋ-ਚਾਰ ਮੰਗਾਂ ਹੋਰ ਉਨ੍ਹਾਂ ਨੇ ਰੱਖੀਆਂ ਸਨ, ਉਹ ਸਰਕਾਰ ਨੇ ਮੰਨ ਲਈਆਂ ਹਨ।

  • ਚੰਨੀ ਨੇ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਸਾਡੇ ਕੋਲੋਂ ਗਈਆਂ ਹਨ। ਚੰਨੀ ਨੇ ਕਿਸਾਨ ਯੂਨੀਅਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਲਈ, ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਲੜਾਈ ਲੜ ਰਹੀਆਂ ਹਨ। ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਸਰਕਾਰ ਹਰ ਤਰੀਕੇ ਦੇ ਨਾਲ ਉਨ੍ਹਾਂ ਨਾਲ ਖੜੀ ਹੈ ਅਤੇ ਜੇਕਰ ਉਹ ਸਾਨੂੰ ਅਸਤੀਫ਼ਾ ਦੇ ਕੇ ਵੀ ਕਿਸਾਨ ਮੋਰਚੇ ਵਿੱਚ ਜਾਣ ਲਈ ਕਹਿਣ ਤਾਂ ਅਸੀਂ ਉਨ੍ਹਾਂ ਦੇ ਨਾਲ ਜਾਣ ਨੂੰ ਤਿਆਰ ਹਾਂ। ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਖੜ੍ਹੀ ਹੈ।
  • ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਵਿੱਚ ਕਿਸਾਨ ਯੂਨੀਅਨਾਂ ਨੇ ਜੋ ਸਾਨੂੰ ਹੁਕਮ ਕੀਤਾ ਸੀ ਕਿ ਕੋਈ ਮਤਾ (resolution) ਲਿਆਂਦਾ ਜਾਵੇ ਅਤੇ ਅਸੀਂ ਉਹ ਲਿਆਂਦਾ। ਉਸ ਮਤੇ ਵਿੱਚ ਮੈਂ ਦੋ ਲਾਈਨਾਂ ਹੋਰ ਐਡ (Add) ਕਰਵਾਈਆਂ ਸਨ ਕਿ ਸਦਨ, ਸਾਰੇ ਵਿਧਾਇਕ ਸਰਬਸੰਮਤੀ ਨਾਲ ਸਰਕਾਰ ਨੂੰ ਹਦਾਇਤ ਕਰਦੇ ਹਾਂ ਕਿ ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਨਾ ਕੀਤੇ ਜਾਣ। ਪੰਜਾਬ ਵਿੱਚ ਸਰਕਾਰ ਕਾਲੇ ਕਾਨੂੰਨ ਲਾਗੂ ਨਹੀਂ ਕਰ ਸਕਦੀ, ਇਸ ਲਈ ਪੰਜਾਬ ਵਿੱਚ ਇਹ ਕਾਨੂੰਨ ਰੱਦ ਹਨ।
  • ਚੰਨੀ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਕਿਸਾਨਾਂ ਨੇ 18 ਮੰਗਾਂ ਰੱਖੀਆਂ ਸਨ, ਉਨ੍ਹਾਂ ਵਿੱਚ ਪਹਿਲੀ ਕਰਜ਼ੇ ਬਾਰੇ ਡਿਮਾਂਡ ਸੀ। ਇਸ ਮੰਗ ਬਾਰੇ ਅਸੀਂ ਕਿਸਾਨਾਂ ਨੂੰ ਕਿਹਾ ਕਿ ਇਸ ਬਾਰੇ ਸਰਕਾਰ ਆਪਸੀ ਘੋਖ ਕਰਕੇ ਫਿਰ ਦੁਬਾਰਾ ਉਨ੍ਹਾਂ ਦੇ ਨਾਲ ਬੈਠੇਗੀ। ਬਾਕੀ ਦੀਆਂ 17 ਮੰਗਾਂ ਮੰਨ ਲਈਆਂ ਹਨ। ਇਸ ਤੋਂ ਬਾਅਦ ਕੁੱਝ ਗੱਲਾਂ ਉਨ੍ਹਾਂ ਨੇ ਸਾਨੂੰ ਮੌਕੇ ‘ਤੇ ਕਹੀਆਂ, ਜੋ ਅਸੀਂ ਮੰਨ ਲਈਆਂ ਹਨ।
  • ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਠਿੰਡਾ ਖੇਤਰ ਵਿੱਚ ਗੁਲਾਬੀ ਸੁੰਡੀ ਪਈ ਹੈ। ਕਿਸਾਨਾਂ ਨੂੰ ਪਹਿਲਾਂ 12 ਹਜ਼ਾਰ ਰੁਪਏ ਦਾ ਮੁਆਵਜ਼ਾ ਗਿਆ ਹੈ। ਹੁਣ ਅਸੀਂ ਜਿਨ੍ਹਾਂ ਦਾ 75 ਫ਼ੀਸਦ ਤੋਂ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕੁੱਲ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਜਿਹੜਾ ਮਜ਼ਦੂਰ ਨਰਮੇ ਨੂੰ ਚੁੱਗਦਾ ਹੈ, ਉਸਨੂੰ 10 ਫ਼ੀਸਦ ਇਸ ਤੋਂ ਉੱਪਰ ਮੁਆਵਜ਼ਾ ਦਿੱਤਾ ਜਾਵੇਗਾ।
  • ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਵਿੱਚ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਹਨ, ਅਸੀਂ ਕਿਸਾਨ ਯੂਨੀਅਨਾਂ ਨੂੰ ਕਿਹਾ ਹੈ ਕਿ ਤੁਸੀਂ ਉਨ੍ਹਾਂ ਦੀ ਲਿਸਟ ਸਰਟੀਫਾਈ ਕਰਕੇ ਸਾਨੂੰ ਦੇ ਦਿਉ। ਕਿਸਾਨ ਜਿਹੜੀ ਲਿਸਟ ਸਾਨੂੰ ਦੇਣਗੇ, ਅਸੀਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਨਿਰਧਾਰਤ ਮੁਆਵਜ਼ਾ ਦਿੱਤਾ ਜਾਵੇਗਾ।
  • ਗੰਨੇ ਦਾ 360 ਰੁਪਏ ਰੇਟ ਕੀਤਾ ਗਿਆ ਹੈ। ਉਸਦੇ ਵਿੱਚ ਪਹਿਲਾਂ 310 ਰੁਪਏ ਸੀ। ਇਸ ਰੇਟ ਵਿੱਚ 35 ਰੁਪਏ ਸਰਕਾਰ ਪਾਵੇਗੀ ਅਤੇ 15 ਰੁਪਏ ਗੰਨਾ ਮਿੱਲ ਪਾਉਣਗੇ।
  • ਕਿਸਾਨਾਂ ਦੀ ਜੋ ਫਸਲ ਇਸ ਸਾਲ ਆਈ ਹੈ, ਜੇਕਰ ਉਸ ਵਿੱਚੋਂ ਕੋਈ ਫਸਲ ਰਹਿੰਦੀ ਹੈ, ਉਸਨੂੰ ਅਗਲੇ ਤਿੰਨ ਜਾਂ ਚਾਰ ਦਿਨਾਂ ਵਿੱਚ ਚੁੱਕ ਦਿਆਂਗੇ।
  • ਚੰਨੀ ਨੇ ਕਿਹਾ ਕਿ ਇੱਕ ਏਪੀ ਸਕੀਮ ਦੇ ਤਹਿਤ ਸਬਜ਼ੀ ਲਾਉਣ ਵਾਲੇ ਕਿਸਾਨਾਂ ਨੇ 500 ਮੀਟਰ ਲਏ ਹਨ, ਉਸਦੇ ਵਿੱਚ 37 ਹਜ਼ਾਰ ਰੁਪਏ ਬਿੱਲ਼ ਆਉਂਦਾ ਹੈ। ਕਿਸਾਨਾਂ ਦੀ ਮੰਗ ਸੀ ਕਿ ਇਹ 500 ਮੀਟਰ ਵੀ ਮੁਫਤ ਕਰ ਦਿੱਤੇ ਜਾਣ। ਇਸ ਕਰਕੇ ਅਸੀਂ ਕਿਸਾਨਾਂ ਦਾ ਇਹ ਮੀਟਰ ਵੀ ਮੁਫਤ ਕਰ ਦਿੱਤਾ ਹੈ।
  • ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਭਰਤੀ ਦੀ ਗੱਲ ਕੀਤੀ ਸੀ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਪੰਜਾਬ ਦੇ ਹੀ ਨੌਜਵਾਨ ਭਰਤੀ ਹੋਣ। ਇਸ ਲਈ ਹਫ਼ਤੇ ਵਿੱਚ ਅਸੀਂ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ, ਜਿਸਦੇ ਨਾਲ ਪੰਜਾਬ ਵਿੱਚ ਪੰਜਾਬ ਦੇ ਹੀ ਨੌਜਵਾਨ ਭਰਤੀ ਹੋਣਗੇ।
  • ਚੰਨੀ ਨੇ ਕਿਹਾ ਕਿ ਜਿੰਨੀ ਦੇਰ ਤੋਂ ਸੰਘਰਸ਼ ਚੱਲ ਰਿਹਾ ਹੈ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ‘ਤੇ ਬਹੁਤ ਸਾਰੇ ਪਰਚੇ ਕੀਤੇ ਗਏ ਹਨ। ਅਸੀਂ ਜਿਹੜਾ ਵੀ ਪਰਚਾ ਕਿਸਾਨ ਅੰਦੋਲਨ ਦੇ ਨਾਲ ਸਬੰਧਿਤ ਹੈ, ਉਹ ਸਾਰੇ ਪਰਚੇ ਰੱਦ ਕਰ ਰਹੇ ਹਾਂ।
  • ਚੰਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ ਅਤੇ ਸਰਕਾਰ ਇਸ ਗੱਲ ਦੀ ਸਖ਼ਤੀ ਵੀ ਕਰੇਗੀ ਪਰ ਜੇਕਰ ਅੱਜ ਤੱਕ ਪੁਰਾਣੇ ਜੇ ਕੋਈ ਪਰਾਲੀ ਨੂੰ ਅੱਗ ਲਾਉਣ ਨਾਲ ਸਬੰਧਿਤ ਕਿਸੇ ‘ਤੇ ਕੋਈ ਪਰਚਾ ਹੈ, ਉਸਨੂੰ ਅਸੀਂ ਰੱਦ ਕਰ ਰਹੇ ਹਾਂ। ਮੇਰੀ ਕਿਸਾਨਾਂ ਤੋਂ ਅਪੀਲ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਪ੍ਰਦੂਸ਼ਣ ਵੱਧਦਾ ਹੈ।
  • ਚੰਨੀ ਨੇ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇਹ ਗੱਲ ਜਤਾਈ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਨਹੀਂ ਹੋਈ ਹੈ, ਜਿੰਨੀ ਅੱਜ ਹੋਈ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀਆਂ ਇਸ ਤਰੀਕੇ ਨਾਲ ਮੰਗਾਂ ਨਹੀਂ ਮੰਨੀਆਂ ਜਿਵੇਂ ਅੱਜ ਮੰਨੀਆਂ ਗਈਆਂ ਹਨ।
Exit mobile version