Punjab

ਜਥੇਦਾਰ ਨੇ ਬੇਅਦਬੀ ਮੁੱਦਿਆਂ ‘ਤੇ ਬਣਾਈਆਂ ਤਿੰਨ ਕੈਟਾਗਿਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦਿਆਂ ‘ਤੇ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਸੀ। ਇਸ ਮੌਕੇ ਸਿੱਖ ਪੰਥ ਦੀਆਂ ਦੀ ਮਹਾਨ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਇਹ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਗਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕੱਤਰਤਾ ਦੀ ਸਟੇਜ ਸੰਭਾਲੀ।

ਹਾਲੇ ਤੱਕ ਬੇਅਦਬੀ ਦੇ ਕਿੰਨੇ ਮਾਮਲੇ ਆਏ ਸਾਹਮਣੇ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 4 ਮਾਰਚ 2013 ਤੋਂ ਲੈ ਕੇ 27 ਫ਼ਰਵਰੀ 2017 ਤੱਕ 143 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਵੀ ਡਾਟਾ ਆਇਆ ਹੈ, ਉਸਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਲਿਆ ਹੈ। ਇੱਕ ਚਾਰ ਮਾਰਚ 2013 ਤੋਂ ਲੈ ਕੇ 27 ਫ਼ਰਵਰੀ 2017 ਤੱਕ ਵੰਡ ਲਿਆ, ਜਦੋਂ ਇੱਕ ਸਰਕਾਰ ਸੀ। ਫਿਰ ਚਾਰ ਮਾਰਚ 2017 ਤੋਂ ਲੈ ਕੇ 12 ਫ਼ਰਵਰੀ 2019 ਤੱਕ ਵੰਡਿਆ ਗਿਆ। ਇਸ ਅੰਕੜੇ ਵਿੱਚ 104 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। 12 ਫ਼ਰਵਰੀ 2019 ਤੋਂ ਬਾਅਦ ਦਾ ਡਾਟਾ ਹਾਲੇ ਇਕੱਠਾ ਹੋ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ ਪਿਛਲੇ ਡੇਢ ਸਾਲ ਦੇ ਵਕਫ਼ੇ ਦੌਰਾਨ ਵੀ ਵਾਪਰੀਆਂ ਹਨ।

ਬੇਅਦਬੀ ਮਾਮਲਿਆਂ ਲਈ ਬਣਾਈਆਂ ਤਿੰਨ ਕੈਟਾਗਿਰੀਆਂ

ਇਨ੍ਹਾਂ ਘਟਨਾਵਾਂ ਨੂੰ ਸਮਝਣ ਵਾਸਤੇ ਇਨ੍ਹਾਂ ਨੂੰ ਤਿੰਨ ਕੈਟਾਗਿਰੀਆਂ ਵਿੱਚ ਵੰਡ ਦਿੱਤਾ। ਇਨ੍ਹਾਂ ਘਟਨਾਵਾਂ ਦੀ ਪਹਿਲੀ ਕੈਟਾਗਿਰੀ ਵਿੱਚ ਉਹ ਘਟਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜਿਹੜੇ ਦੋਸ਼ੀ ਸੀ, ਉਹ ਬਹੁਤ ਹੀ ਚਲਾਕ ਹਨ ਅਤੇ ਉਨ੍ਹਾਂ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ। ਜਿਵੇਂ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਗੁਰੂਸਰ ਵਿੱਚ ਘਟਨਾਵਾਂ ਵਾਪਰੀਆਂ, ਉਹ ਸਭ ਇਸ ਕੈਟਾਗਿਰੀ ਵਿੱਚ ਸ਼ਾਮਿਲ ਹਨ। ਇਸ ਵਿੱਚ ਜੋ ਦੋਸ਼ੀ ਹਨ, ਉਹ ਬਹੁਤ ਹੀ ਸਿੱਖ ਧਰਮ, ਸਿੱਖ ਫਿਲਾਸਫ਼ੀ, ਸਿੱਖ ਪ੍ਰੰਪਰਾ ਦੇ ਨਾਲ ਨਫ਼ਰਤ ਕਰਨ ਵਾਲੇ ਹਨ।

ਦੂਜੀ ਕੈਟਾਗਿਰੀ

ਦੂਜੀ ਕੈਟਾਗਿਰੀ ਉਨ੍ਹਾਂ ਘਟਨਾਵਾਂ ਲਈ ਬਣਾਈ ਗਈ ਹੈ, ਜਿਨ੍ਹਾਂ ਵਿੱਚ ਜਿਹੜੇ ਦੋਸ਼ੀ ਸਨ, ਉਹ ਬਦ-ਦਿਮਾਗ, ਮਾਨਸਿਕ ਤੌਰ ‘ਤੇ ਕਮਜ਼ੋਰ ਜਾਂ ਇਸ ਤਰ੍ਹਾਂ ਦੇ ਲੋਕ ਜੋ ਕਿਸੇ ਦੂਸਰੇ ਬੰਦੇ ਨੂੰ ਫਸਾਉਣ ਵਾਸਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਜਥੇਦਾਰ ਨੇ ਕਿਹਾ ਕਿ ਅਜਿਹੇ ਲੋਕ ਜਦੋਂ ਫੜ੍ਹੇ ਜਾਂਦੇ ਹਨ ਤਾਂ ਬਾਅਦ ਵਿੱਚ ਇਹ ਆਪਣੇ-ਆਪ ਨੂੰ ਪਾਗਲ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਤੀਜੀ ਕੈਟਾਗਿਰੀ

ਤੀਸਰੀ ਕੈਟਾਗਿਰੀ ਵਿੱਚ ਅਜਿਹੀਆਂ ਘਟਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿੱਚ ਦੋਸ਼ੀਆਂ ਨੇ ਅਣਜਾਣਪੁਣੇ, ਅਣਭੋਲਪੁਣੇ ਵਿੱਚ ਘਟਨਾਵਾਂ ਨੂੰ ਅੰਜ਼ਾਮ ਦਿੱਤਾ।

ਜਥੇਦਾਰ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਵਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਸਾਡੀ ਜ਼ਿੰਮੇਵਾਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਅਤੇ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ। ਜੇਕਰ ਕਿਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੋਵੇ ਤਾਂ ਉੱਥੋਂ ਗੁਰੂ ਸਾਹਿਬ ਜੀ ਦਾ ਸਰੂਪ ਚੁੱਕ ਕੇ ਲੈ ਜਾਣਾ ਕੋਈ ਹੱਲ ਨਹੀਂ ਹੈ।