‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਵਿੱਚ ਮੀਡੀਆ ਦੀ ਆਜ਼ਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਇਹ ਗੱਲ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਫਾਰੇਨ ਕਰਾਸਪੌਂਡੈਂਟ ਕਲੱਬ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਚੀਨ ਦੇ ਫਾਰੇਨ ਕਰਾਸਪੌਂਡੈਂਟ ਕਲੱਬ (ਐਫਸੀਸੀ) ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉੱਥੇ ਪੱਤਰਕਾਰਾਂ ਨੂੰ ਸਰੀਰਕ ਹਮਲੇ, ਹੈਕਿੰਗ, ਆਨਲਾਈਨ ਟ੍ਰੋਲਿੰਗ ਅਤੇ ਵੀਜ਼ੇ ਤੋਂ ਇਨਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੀਨ ਅਤੇ ਹਾਂਗਕਾਂਗ ਵਿੱਚ ਸਥਾਨਕ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚੀਨ ਨੇ ਐਫਸੀਸੀ ਨੂੰ ਇੱਕ “ਗੈਰ-ਕਾਨੂੰਨੀ ਸੰਗਠਨ” ਕਰਾਰ ਦਿੱਤਾ ਹੈ। ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਦੁਨੀਆ ਭਰ ਦਾ ਮੀਡੀਆ ਬੀਜਿੰਗ ਵਿੰਟਰ ਓਲੰਪਿਕ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਪਹਿਲਾਂ ਹੀ ਸ਼ਿਨਜਿਆਂਗ ‘ਚ ਕਥਿਤ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਹਾਂਗਕਾਂਗ ‘ਚ ਕੀਤੀਆਂ ਗਈਆਂ ਕਾਰਵਾਈਆਂ ਕਾਰਨ ਵਿਵਾਦਾਂ ਦੇ ਘੇਰੇ ਵਿੱਚ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ ਵਿਦੇਸ਼ੀ ਪੱਤਰਕਾਰਾਂ ਨੂੰ ਚੀਨ ਵਿੱਚ ਇੰਨੀ ਬੁਰੀ ਤਰ੍ਹਾਂ ਤੰਗ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੇ ਪੱਤਰਕਾਰ ਚੀਨ ਛੱਡ ਚੁੱਕੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਅਧਿਕਾਰੀਆਂ ਵੱਲੋਂ ਵਿਦੇਸ਼ੀ ਪੱਤਰਕਾਰਾਂ ਦੇ ਚੀਨੀ ਸਹਿਯੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਚੀਨੀ ਮੂਲ ਦੇ ਆਸਟ੍ਰੇਲੀਅਨ ਪੱਤਰਕਾਰ ਚੇਂਗ ਲੇਈ ਅਤੇ ਚੀਨੀ ਪੱਤਰਕਾਰ ਹੇਜ਼ ਫੈਨ ਵਰਗੇ ਹੋਰ ਪੱਤਰਕਾਰਾਂ ਨੂੰ ਰਾਜ ਸੁਰੱਖਿਆ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ।