Punjab

ਮਕੈਨਿਕ ਦੀ ਚਮਕੀ ਕਿਸਮਤ, ਨਿਕਲੀ ਕਰੋੜਾਂ ਦੀ ਲਾਟਰੀ

ਮਾਨਸਾ : ਮਾਨਸਾ ਜ਼ਿਲ੍ਹੇ ਵਾਸੀ ਮਕੈਨਿਕ ਮਨਮੋਹਨ ਸਿੰਘ ਦੀ ਕਿਸਮਤ ਖੁੱਲ੍ਹ ਗਈ ਹੈ। ਉਸਨੇ ਸਿਰਫ਼ ₹200 ਦੀ ਲਾਟਰੀ ਟਿਕਟ ਨਾਲ ₹1.5 ਕਰੋੜ ਦਾ ਵੱਡਾ ਇਨਾਮ ਜਿੱਤ ਲਿਆ ਹੈ। ਇਹ ਟਿਕਟ ਉਸਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਲਾਟਰੀ ਆਪਰੇਟਰਾਂ ਨੂੰ ਫ਼ੋਨ ਕਰਕੇ ਬੁੱਕ ਕੀਤੀ ਸੀ ਅਤੇ ਕੋਰੀਅਰ ਰਾਹੀਂ ਘਰ ਪਹੁੰਚੀ। ਟਿਕਟ ਨੰਬਰ 659770 ਵਾਲੀ ਇਹ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ 4 ਅਕਤੂਬਰ ਨੂੰ ਖੁੱਲੀ, ਜਿਸ ਨਾਲ ਮਨਮੋਹਨ ਨੂੰ ਇਹ ਜੈਕਪੌਟ ਮਿਲ ਗਿਆ।

ਮਨਮੋਹਨ, ਜੋ ਵਾਹਨਾਂ ਦੀ ਮੁਰੰਮਤ ਵਾਲੀ ਵਰਕਸ਼ਾਪ ਚਲਾਉਂਦਾ ਹੈ, ਤਿੰਨ ਸਾਲ ਪਹਿਲਾਂ ਇਸ ਖੇਤਰ ਵਿੱਚ ਆਇਆ ਸੀ। ਉਸ ਨੇ ਪਹਿਲਾਂ ਵੀ ਰਸਤੇ ਵਿੱਚ ਲਾਟਰੀ ਟਿਕਟਾਂ ਖਰੀਦੀਆਂ ਸਨ, ਪਰ ਕਦੇ ਵੱਡਾ ਇਨਾਮ ਨਹੀਂ ਮਿਲਿਆ। ਫ਼ੋਨ ਰਾਹੀਂ ਟਿਕਟਾਂ ਮੰਗਵਾਉਣ ਦੀ ਆਦਤ ਪੈ ਗਈ ਅਤੇ ਉਸ ਨੇ ਛੋਟੇ-ਮੋਟੇ ਇਨਾਮ ਵੀ ਜਿੱਤੇ ਸਨ। ਜਦੋਂ ਲਾਟਰੀ ਜਿੱਤਣ ਵਾਲਾ ਫ਼ੋਨ ਆਇਆ, ਤਾਂ ਸ਼ੁਰੂ ਵਿੱਚ ਉਸ ਨੂੰ ਵਿਸ਼ਵਾਸ ਨਹੀਂ ਹੋਇਆ।

ਪੁਸ਼ਟੀ ਹੋਣ ਤੇ ਪੂਰਾ ਪਰਿਵਾਰ ਖੁਸ਼ੀ ਦੇ ਮਾਰੇ ਪਾਗਲ ਹੋ ਗਿਆ। ਉਸ ਨੇ ਅੱਜ ਟਿਕਟ ਲੈ ਕੇ ਜਲਾਲਾਬਾਦ ਪਹੁੰਚ ਕੇ ਇਨਾਮ ਦਾਅਵਾ ਕੀਤਾ, ਜਿੱਥੇ ਪਰਿਵਾਰਕ ਮੈਂਬਰਾਂ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਜਸ਼ਨ ਮਨਾਇਆ।

ਮਨਮੋਹਨ ਦੇ ਪਰਿਵਾਰ ਵਿੱਚ ਲਗਭਗ 10 ਜੀਵੇ ਹਨ, ਜਿਨ੍ਹਾਂ ਵਿੱਚ ਉਸਦੀ ਪਤਨੀ, ਦੋ ਧੀਆਂ, ਦਾਦੀ ਅਤੇ ਮਾਂ ਸ਼ਾਮਲ ਹਨ। ਉਹ ਕਹਿੰਦਾ ਹੈ ਕਿ ਇਹ ਪੈਸਾ ਉਹਨਾਂ ਗਰੀਬ ਪਰਿਵਾਰਾਂ ਨੂੰ ਮਦਦ ਕਰਨ ਵਿੱਚ ਲਗਾਏਗਾ, ਜੋ 10-20 ਕਿਲੋਮੀਟਰ ਦੇ ਆਲੇ-ਦੁਆਲੇ ਰਹਿੰਦੇ ਹਨ। ਲਾਟਰੀ ਆਪਰੇਟਰ ਰਵੀ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਵੀ ਪੁਸ਼ਟੀ ਕੀਤੀ ਕਿ ਇਹ ਜਲਾਲਾਬਾਦ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਨਾਮ ਹੈ। ਉਨ੍ਹਾਂ ਨੇ ਫ਼ੋਨ ਰਾਹੀਂ ਟਿਕਟ ਵੇਚੀ ਅਤੇ ਕੋਰੀਅਰ ਕੀਤੀ ਸੀ। ਇਹ ਘਟਨਾ ਪੰਜਾਬ ਵਿੱਚ ਲੋਕਾਂ ਨੂੰ ਲਾਟਰੀ ਖਰੀਦਣ ਲਈ ਪ੍ਰੇਰਿਤ ਕਰ ਰਹੀ ਹੈ, ਪਰ ਮਨਮੋਹਨ ਦੀ ਨੇਕਦਿਲੀ ਵਾਲੀ ਗੱਲ ਨੇ ਲੋਕਾਂ ਨੂੰ ਵੀ ਖੁਸ਼ ਕੀਤਾ ਹੈ।