‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨ ਮੋਰਚਿਆਂ ਵਿੱਚ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਸਰਕਾਰ ਨੂੰ ਕਿਸਾਨੀ ਮੋਰਚਿਆਂ ‘ਤੇ ਬੈਠੇ ਕਿਸਾਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੋਰਚਿਆਂ ‘ਤੇ ਅਸੀਂ ਹਜ਼ਾਰਾਂ ਕਿਸਾਨ ਬੈਠੇ ਹਾਂ। ਅਸੀਂ ਆਪਣੇ ਲੈਵਲ ‘ਤੇ ਕਿਸਾਨ ਮੋਰਚਿਆਂ ‘ਤੇ ਸਫਾਈ ਕਰ ਰਹੇ ਹਾਂ, ਸੈਨੇਟਾਈਜ਼ ਕਰ ਰਹੇ ਹਾਂ। ਕਿਸਾਨਾਂ ਨੂੰ ਵਿਟਾਮਿਨ ਸੀ, ਵਿਟਾਮਿਨ ਡੀ ਅਤੇ ਕਾੜ੍ਹੇ ਬਣਾ ਕੇ ਪਿਆ ਰਹੇ ਹਾਂ। ਪਿੰਡਾਂ ਨਾਲੋਂ ਜ਼ਿਆਦਾ ਸਫਾਈ ਕਿਸਾਨ ਮੋਰਚਿਆਂ ‘ਤੇ ਹੈ। ਸਰਕਾਰ ਨੇ ਸਾਡੇ ਲਈ ਕੋਈ ਇੰਤਜ਼ਾਮ ਨਹੀਂ ਕੀਤਾ। ਉੱਥੇ ਇੱਕ ਵੀ ਕਿਸਾਨ ਕਰੋਨਾ ਪਾਜ਼ੀਟਿਵ ਨਹੀਂ ਹੈ। ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਦੋ ਹਸਪਤਾਲ ਚੱਲ ਰਹੇ ਹਨ। ਪਰ ਸਰਕਾਰ ਨੂੰ ਕਰੋਨਾ ਦੇ ਦੌਰ ਵਿੱਚ ਕਿਸਾਨਾਂ ਨੂੰ ਇਸ ਤਰ੍ਹਾਂ ਲੰਮਾ ਸਮਾਂ ਨਹੀਂ ਬਿਠਾਉਣਾ ਚਾਹੀਦਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ’।
ਲੱਖੋਵਾਲ ਨੇ ਕਿਹਾ ਕਿ ‘ਅਸੀਂ ਕੋਈ ਬਹੁਤ ਵੱਡੇ ਇਕੱਠ ਨਹੀਂ ਕਰ ਰਹੇ। ਸਾਨੂੰ ਵੀ ਸਾਰਿਆਂ ਦੀ ਫਿਕਰ ਹੈ ਕਿਉਂਕਿ ਸਾਡੇ ਵੀ ਬੱਚੇ, ਮਾਂ-ਪਿਉ ਹਨ। ਅਸੀਂ ਮੋਰਚਿਆਂ ‘ਤੇ ਕਰੋਨਾ ਮਹਾਂਮਾਰੀ ਤੋਂ ਪੂਰੀ ਸਾਵਧਾਨੀ ਵਰਤ ਰਹੇ ਹਾਂ। ਹੁਣ ਤਾਂ ਅਸੀਂ ਕੇਂਦਰ ਸਰਕਾਰ ਨੂੰ ਗੱਲਬਾਤ ਲਈ ਚਿੱਠੀ ਵੀ ਲਿਖ ਦਿੱਤੀ ਹੈ। ਸਾਨੂੰ ਪ੍ਰਧਾਨ ਮੰਤਰੀ ਦਾ ਫੋਨ ਨੰਬਰ ਤਾਂ ਨਹੀਂ ਲੱਭਿਆ, ਇਸ ਲਈ ਅਸੀਂ ਅੱਕ ਕੇ ਚਿੱਠੀ ਹੀ ਲਿਖ ਦਿੱਤੀ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਦਰਅਸਲ, ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਕਿਸਾਨਾਂ ਨਾਲ ਦੂਰੀ ਸਿਰਫ ਇੱਕ ਫੋਨ ਕਾਲ ਜਿੰਨੀ ਹੈ’।
ਕਿਸਾਨ ਲੀਡਰ ਡਾ.ਦਰਸ਼ਨਪਾਲ ਨੇ ਕਿਹਾ ਕਿ ‘ਅਸੀਂ ਕਿਸਾਨ ਮੋਰਚਿਆਂ ਵਿੱਚ ਕੋਵਿਡ ਦੇ ਸਮੇਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ, ਕਿਸਾਨਾਂ ਨੂੰ ਮਾਸਕ ਵੰਡ ਰਹੇ ਹਾਂ। ਕਿਸਾਨਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਾਂ। ਕਿਸਾਨਾਂ ਦੀ ਇਮਿਊਨਿਟੀ ਨੂੰ ਵਧੀਆਂ ਕਰਨ ਲਈ ਉਨ੍ਹਾਂ ਨੂੰ ਵਿਟਾਮਿਨ ਦੀਆਂ ਦਵਾਈਆਂ ਦੇ ਰਹੇ ਹਾਂ, ਗਰਮ ਪਾਣੀ ਦੀ ਭਾਫ ਲੈਣ ਲਈ ਬਾਕਾਇਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਮੋਰਚਿਆਂ ‘ਤੇ ਹਰ ਜਗ੍ਹਾ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਨਾਲੋਂ ਕਿਸਾਨ ਮੋਰਚਿਆਂ ‘ਤੇ ਜ਼ਿਆਦਾ ਸੁਰੱਖਿਆ ਹੈ, ਸਫਾਈ ਹੈ’।