Punjab

ਕਾਂਗਰਸ ਪਾਰਟੀ ਕਰ ਗਈ ਸਾਰੇ ਮੌਕੇ ਕੈਸ਼, ਬੀਜੀਪੀ ਤੇ ਅਕਾਲੀ ਦਲ ਨੂੰ ਤਰਸਣਾ ਪੈ ਰਿਹਾ ਸੀਟਾਂ ਲਈ

ਅੱਜ ਹੋ ਰਹੀ ਹੈ ਨਿਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਾਂ ਦੀ ਗਣਤੀ, ਕਈ ਹਲਕਿਆਂ ਦੇ ਨਤੀਜੇ ਕਾਂਗਰਸ ਦੇ ਹੱਕ ‘ਚ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਦੀਆਂ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਚੋਣਾਂ ਦੇ ਜ਼ਿਆਦਾਤਰ ਨਤੀਜੇ ਕਾਂਗਰਸ ਦੇ ਹੱਕ ‘ਚ ਰਹੇ ਹਨ। ਅਕਾਲੀ ਦਲ ਤੇ ਬੀਜੇਪੀ ਦਾ ਟੁੱਟਿਆ ਰਿਸ਼ਤਾ ਵੀ ਕਈ ਥਾਈਂ ਹਾਰ ਦਾ ਮੂੰਹ ਦਿਖਾ ਗਿਆ ਹੈ। ਕਿਸਾਨੀ ਅੰਦੋਲਨ ਦਾ ਇਨ੍ਹਾਂ ਵੋਟਾਂ ਲਈ ਰਾਜਨੀਤਿਕ ਲਾਹਾ ਲੈਣ ਦੀਆਂ ਕਈ ਪਾਰਟੀਆਂ ਦੀਆਂ ਤਰਕੀਬਾਂ ਵੀ ਨਹੀਂ ਚੱਲੀਆਂ ਹਨ। ਹਾਲਾਂਕਿ ਕਾਂਗਰਸ ਪਾਰਟੀ ਦੇ ਹੱਕ ਟਚ ਇਸ ਵਾਰ ਪੰਜਾਬ ਦੀ ਜਨਤਾ ਸਿੱਧੇ ਰੂਪ ‘ਚ ਭੁਗਤੀ ਹੈ ਤੇ ਕੇਂਦਰ ਸਰਕਾਰ ਤੇ ਪੰਜਾਬ ਦੇ ਬੀਜੀਪੀ ਲੀਡਰਾਂ ਦੇ ਬਿਆਨ ਵੀ ਕਈ ਥਾਈਂ ਹਾਰ ਦਾ ਕਾਰਣ ਬਣੇ ਹਨ।
ਹੁਣ ਤੱਕ ਮਿਲੇ ਨਤੀਜਿਆ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਸਣੇ ਕਈ ਹਲਕਿਆਂ ‘ਚ ਬੀਜੇਪੀ ਦੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤਾਜ਼ਾ ਨਤੀਜਿਆਂ ਅਨੁਸਾਰ ਪਠਾਨਕੋਟ ਦੇ ਸਾਰੇ 50 ਵਾਰਡਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇੱਥੇ ਕਾਂਗਰਸ ਦੇ 41, ਬੀਜੇਪੀ 4, ਅਜ਼ਾਦ 3 ਅਤੇ 2 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਉੱਧਰ, ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ। ਇੱਥੇ 29 ਵਾਰਡਾਂ ਵਿੱਚ ਕਾਂਗਰਸ ਦੇ ਸਾਰੇ ਉਮੀਦਵਾਰ ਜੇਤੂ ਰਹੇ ਹਨ।
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਵੀ ਅਕਾਲੀ ਦਲ ਦੇ ਉਮੀਦਵਾਰ 7 ਸੀਟਾਂ ਹੀ ਹਾਸਿਲ ਕਰ ਸਕੇ ਹਨ। ਬਠਿੰਡਾ ਦੇ 50 ਵਾਰਡਾਂ ਦੇ ਨਤੀਜਿਆਂ ਵਿੱਚ 43 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ।
ਅਬੋਹਰ ਤੇ ਹੁਸ਼ਿਆਰਪੁਰ ‘ਚ ਵੀ ਕਾਂਗਰਸ ਨੇ ਹੀ ਵੱਡੀ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਅਬੋਹਰ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 50 ਵਾਰਡਾਂ ਵਿੱਚੋਂ 49 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਜਦਕਿ 1 ਸੀਟ ਸ਼ਿਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ।
ਕਾਂਗਰਸ ਨੇ ਰਾਜਪੁਰਾ ਦੇ 31 ਵਾਰਡਾਂ ਵਿੱਚ 27 ਸੀਟਾਂ ਜਿੱਤੀਆਂ ਹਨ। ਇੱਥੇ ਬੀਜੇਪੀ ਅਤੇ ਅਕਾਲੀ ਦੇ ਹਿੱਸੇ 1-1 ਅਤੇ ਆਮ ਆਦਮੀ ਪਾਰਟੀ ਦੇ ਹਿੱਸੇ 2 ਸੀਟਾਂ ਆਈਆਂ ਹਨ।
ਬੰਗਾ ਨਗਰ ਕੌਂਸਲ ਵਿੱਚ 15 ਵਾਰਡਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ 5, ਅਕਾਲੀ ਦੇ 3 ਅਤੇ ਇਕ-ਇਕ ਸੀਟ ਬੀਜੇਪੀ ਤੇ ਅਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ।