ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਬਸਪਾ ਨੇ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਨਵਾਂਸਹਿਰ ਵਿੱਚ ਰੈਲੀ ਕੀਤੀ ਜਾ ਰਹੀ ਹੈ। ਮਾਇਆਵਤੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਗੜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਇਸ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਵਿਰੋਧੀ ਪਾਰਟੀਆਂ ਉੱਤੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਨੇ ਵੀ ਕਾਂਗਰਸ ਦੀ ਤਰਾਂ ਸਰਕਾਰੀ ਏਜੰਸਿਆਂ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ ਉਨ੍ਹਾਂ ਸਰਕਾਰੀ ਏਜੰਸਿਆਂ ਦਾ ਸਿਆਸੀਕਰਨ ਕੀਤਾ ਹੈ।
ਮਾਇਆਵਤੀ ਨੇ ਕਿਹਾ ਕਿ ਕਿਸਾਨ ਵੀ ਸਰਕਾਰਾਂ ਕੋਲੋ ਔਖੇ ਹਨ, ਨਾਂ ਤਾਂ ਕੇਂਦਰ ਅਤੇ ਨਾਂ ਹੀ ਸੂਬਾ ਸਰਕਾਰ ਨੇ ਕਿਸਾਨਾਂ ਦੀ ਸਾਰ ਲਈ ਹੈ। ਪਰ ਸਾਡੀ ਸਰਕਾਰ ਸਮੇਂ ਕਿਸਾਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਸੀ।
ਮਾਇਆਵਤੀ ਨੇ ਲੋਕਾਂ ਨੂੰ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਜਾਂ ਗਾਰੰਟੀ ਤੋਂ ਪ੍ਰਭਾਵਿਤ ਨਾ ਹੋਣ। ਕਿਉਂਕਿ ਸਿਆਸੀ ਪਾਰਟੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਚੋਣ ਮਨੋਰਥ ਪੱਤਰਾਂ ਨੂੰ ਲਾਗੂ ਨਹੀਂ ਕਰਦੀਆਂ। ਇਹ ਸਿਰਫ਼ ਇੱਕ ਬਿਆਨ ਹੀ ਸਾਬਤ ਹੁੰਦਾ ਹੈ। ਇਸ ਲਈ ਸਾਡੀ ਪਾਰਟੀ ਕਿਸੇ ਕਿਸਮ ਦਾ ਚੋਣ ਮੈਨੀਫੈਸਟੋ ਜਾਰੀ ਨਹੀਂ ਕਰਦੀ। ਅਸੀਂ ਚੀਜ਼ਾਂ ਨੂੰ ਤੁਰੰਤ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਇਸ ਦੀ ਸਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਅਸੀਂ ਯੂਪੀ ਵਿੱਚ ਬਹੁਤ ਕੰਮ ਕਰਕੇ ਦਿਖਾਇਆ ਹੈ। ਜੇਕਰ ਸਾਨੂੰ ਕੇਂਦਰ ‘ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਅਸੀਂ ਹੇਠਲੇ ਪੱਧਰ ‘ਤੇ ਲੋਕਾਂ ਲਈ ਕੰਮ ਕਰਾਂਗੇ।
ਮਾਇਆਵਤੀ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਮੁਫਤ ਵਿੱਚ ਰਾਸ਼ਨ ਦਿੰਦੀ ਹੈ ਪਰ ਇਹ ਰਾਸ਼ਨ ਗਰੀਬਾਂ ਦੇ ਟੈਕਸ ਦੇ ਪੈਸੇ ਦਾ ਹੈ। ਇਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਹਲਕਾ ਬਸਪਾ ਲਈ ਬਹੁਤ ਅਹਿਮ ਹੈ ਕਿਉਂ ਕਿ ਇਸ ਹਲਕੇ ਵਿੱਚ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ ਦਾ ਜਨਮ ਹੋਇਆ ਸੀ। ਚੋਣ ਪ੍ਰਚਾਰ ਮੌਕੇ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ – ਕੇਦਾਰਨਾਥ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪੂਛ ਜ਼ਮੀਨ ਨਾਲ ਟਕਰਾਈ, 7 ਲੋਕਾਂ ਦੀ ਜਾਨ ਬਚ ਗਈ