India

ਕੋਲਕਾਤਾ ਤੋਂ ਬਾਅਦ ਮਹਾਰਾਸ਼ਟਰ ’ਚ ਹੈਵਾਨੀਅਤ! ਸਕੂਲ ਵਿੱਚ ਛੋਟੀਆਂ ਬੱਚੀਆਂ ਨਾਲ ਕੁਕਰਮ! ਰੇਲਵੇ ਸਟੇਸ਼ਨ ’ਤੇ ਕੁਹਰਾਮ

ਬਿਉਰੋ ਰਿਪੋਰਟ: ਮਹਾਰਾਸ਼ਟਰ ਦੇ ਬਦਲਾਪੁਰ ਰੇਲਵੇ ਸਟੇਸ਼ਨ ’ਤੇ ਮੰਗਲਵਾਰ ਨੂੰ ਭਾਰੀ ਭੀੜ ਪਹੁੰਚ ਗਈ। ਲੋਕ ਇੱਥੇ ਰੇਲ ਫੜਨ ਨਹੀਂ, ਸਗੋਂ ਰੇਲਾਂ ਨੂੰ ਰੋਕਣ ਲਈ ਆਏ ਸਨ। ਸੈਂਕੜੇ ਲੋਕਾਂ ਨੇ ਟ੍ਰੈਕ ’ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀ ਸ਼ਹਿਰ ਦੇ ਇੱਕ ਸਕੂਲ ਵਿੱਚ ਦੋ ਬੱਚੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ‘ਦੇਰੀ’ ਕਰ ਰਹੀ ਹੈ। ਪੁਲਿਸ ਨੇ ਸਕੂਲ ਦੇ ਸੇਵਾਦਾਰ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ।

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬਦਲਾਪੁਰ ਦੇ ਲੋਕਾਂ ’ਚ ਗੁੱਸਾ ਭੜਕ ਗਿਆ। ਸਕੂਲ ਅਤੇ ਥਾਣੇ ਦਾ ਘਿਰਾਓ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਸੁਣਵਾਈ ਨਾ ਹੋਣ ’ਤੇ ਮੰਗਲਵਾਰ ਸਵੇਰੇ ਲੋਕ ਬਦਲਾਪੁਰ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਅਤੇ ਰੇਲਾਂ ਦੀ ਆਵਾਜਾਈ ਰੋਕ ਦਿੱਤੀ। ਹੰਗਾਮੇ ਕਾਰਨ ਮੁੰਬਈ ਲੋਕਲ ਦੀ ਸੈਂਟਰਲ ਲਾਈਨ ’ਤੇ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਘਟਨਾ ’ਤੇ ਮਹਾਰਾਸ਼ਟਰ ਦੇ ਮੰਤਰੀ ਦੀਪਕ ਕੇਸਰਕਰ ਨੂੰ ਬਿਆਨ ਜਾਰੀ ਕਰਨਾ ਪਿਆ।

ਕੇਂਦਰੀ ਰੇਲਵੇ ਦੇ ਪੀਆਰਓ ਨੇ ਦੱਸਿਆ ਕਿ ਹੁਣ ਤੱਕ 10 ਮੇਲ ਐਕਸਪ੍ਰੈਸ ਰੇਲ ਗੱਡੀਆਂ ਨੂੰ ਕਰਜਤ-ਪਨਵੇਲ-ਠਾਣੇ ਸਟੇਸ਼ਨ ਰਾਹੀਂ ਮੋੜਿਆ ਗਿਆ ਹੈ। CSMT ਅਤੇ ਅੰਬਰਨਾਥ ਵਿਚਕਾਰ ਲੋਕਲ ਟਰੇਨਾਂ ਆਮ ਵਾਂਗ ਚੱਲ ਰਹੀਆਂ ਹਨ। ਬਦਲਾਪੁਰ ਤੋਂ ਕਰਜਤ ਤੱਕ ਸੇਵਾਵਾਂ ਮੁਅੱਤਲ ਹਨ।

ਸਰਕਾਰ ਨੇ ਬਣਾਈ SIT, ਮੰਤਰੀ ਨੇ ਕਿਹਾ- ਮੁਲਜ਼ਮਾਂ ਨੂੰ ਨਹੀਂ ਛੱਡਾਂਗੇ!

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬਦਲਾਪੁਰ ਵਿੱਚ ਵਾਪਰੀ ਘਟਨਾ ਦੀ ਜਾਂਚ ਲਈ ਇੰਸਪੈਕਟਰ ਜਨਰਲ ਆਫ ਪੁਲਿਸ ਰੈਂਕ ਦੀ ਸੀਨੀਅਰ ਆਈਪੀਐਸ ਅਧਿਕਾਰੀ ਆਰਤੀ ਸਿੰਘ ਦੀ ਪ੍ਰਧਾਨਗੀ ਹੇਠ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ। ਠਾਣੇ ਦੇ ਪੁਲਿਸ ਕਮਿਸ਼ਨਰ ਨੂੰ ਵੀ ਅੱਜ ਹੁਕਮ ਦਿੱਤਾ ਗਿਆ ਹੈ ਕਿ ਉਹ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਲਿਜਾਣ ਦੀ ਤਜਵੀਜ਼ ਪੇਸ਼ ਕਰਨ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਘਟਨਾ ’ਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਵਿਰੋਧੀ ਧਿਰ ਦੇ ਨੇਤਾ ਅੰਬਦਾਸ ਦਾਨਵੇ ਨੇ ਕਿਹਾ, ‘…ਜਿਸ ਜ਼ਿਲ੍ਹੇ ਦੀ ਨੁਮਾਇੰਦਗੀ ਸੂਬੇ ਦੇ ਮੁੱਖ ਮੰਤਰੀ ਕਰਦੇ ਹਨ ਅਤੇ ਉੱਥੇ ਅਜਿਹੀ ਘਟਨਾ ਵਾਪਰਦੀ ਹੈ ਅਤੇ ਉਹ ਵੀ ਬੱਚਿਆਂ ’ਤੇ…ਇਹ ਉਦੋਂ ਹੁੰਦਾ ਹੈ ਜਦੋਂ ਸੂਬੇ ਦੇ ਗ੍ਰਹਿ ਵਿਭਾਗ ਸੁਚਾਰੂ ਢੰਗ ਨਾਲ ਕੰਮ ਨਹੀਂ ਕਰਦਾ, ਜਦੋਂ ਲੋਕ ਕਾਨੂੰਨ ਵਿਵਸਥਾ ਦੀ ਪ੍ਰਵਾਹ ਨਹੀਂ ਕਰਦੇ ਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਬਹੁਤ ਹੀ ਦਰਦਨਾਕ ਘਟਨਾ ਹੈ।’