ਬਿਊਰੋ ਰਿਪੋਰਟ (ਚੰਡੀਗੜ੍ਹ, 10 ਨਵੰਬਰ 2025): ਪੰਜਾਬ ਯੂਨੀਵਰਸਿਟੀ (PU) ਵਿੱਚ ਸੈਨੇਟ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਹੰਗਾਮਾ ਮਚਿਆ ਹੋਇਆ ਹੈ। ਵਿਦਿਆਰਥੀਆਂ ਨੇ ਪੁਲਿਸ ਨਾਲ ਧੱਕਾ-ਮੁੱਕੀ ਕਰਨ ਤੋਂ ਬਾਅਦ PGI ਦੇ ਸਾਹਮਣੇ ਗੇਟ ਨੰਬਰ 1 ਨੂੰ ਤੋੜ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਦੀ ਐਸ.ਐਸ.ਪੀ. ਕੰਵਰਦੀਪ ਕੌਰ ਖੁਦ ਗੇਟ ’ਤੇ ਚੜ੍ਹ ਗਈ ਸੀ, ਪਰ ਵਿਦਿਆਰਥੀ ਨਹੀਂ ਮੰਨੇ। ਇਸ ਤੋਂ ਬਾਅਦ ਪੁਲਿਸ ਨੇ ਬੈਰੀਕੇਡਿੰਗ ਤੋੜਨ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ।
ਇਸ ਤੋਂ ਪਹਿਲਾਂ ਵਿਦਿਆਰਥੀ ਇਸੇ ਗੇਟ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਸਨ, ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਈ ਸੀ। ਹੁਣ ਗੇਟ ਨੰਬਰ 1 ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀ ਅਤੇ ਪ੍ਰਦਰਸ਼ਨਕਾਰੀ ਇੱਥੋਂ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਗਏ ਹਨ, ਜਿਨ੍ਹਾਂ ਵਿੱਚ ਨਿਹੰਗ ਸਿੰਘ ਵੀ ਸ਼ਾਮਲ ਹਨ।
ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਨੇ ਤੋੜੇ ਬੈਰੀਕੇਡ
ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਫੇਜ਼ 6 ਵਿੱਚ ਕਿਸਾਨਾਂ ਨੇ ਵੀ ਪੁਲਿਸ ਦਾ ਬੈਰੀਕੇਡ ਤੋੜ ਦਿੱਤਾ ਹੈ। ਹੁਣ ਉਹ ਚੰਡੀਗੜ੍ਹ ਵਿੱਚ ਪੀਯੂ ਵੱਲ ਆ ਰਹੇ ਹਨ। ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ। ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਕਿਹਾ ਕਿ ਮੋਹਾਲੀ ਵਿੱਚ ਹਰਿਆਣਾ ਪੁਲਿਸ ਲਗਾਈ ਗਈ ਸੀ।
ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ’ਤੇ ਨਿਹੰਗ YPS ਚੌਕ ਮੋਹਾਲੀ ਵੱਲ ਰਵਾਨਾ ਹੋ ਗਏ ਹਨ। ਉੱਥੇ ਜਾਮ ਲੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਨੇ ਚੌਕ ਨੂੰ ਚਾਰੇ ਪਾਸਿਓਂ ਬੰਦ ਕਰ ਦਿੱਤਾ ਹੈ।
ਯੂਨੀਵਰਸਿਟੀ ਵਿੱਚ ਅੱਜ ਅਤੇ ਕੱਲ੍ਹ ਛੁੱਟੀ
ਪੁਲਿਸ ਦੇ ਪ੍ਰਬੰਧ ਦੇਖ ਕੇ ਵਿਦਿਆਰਥੀਆਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਉਨ੍ਹਾਂ ਨੂੰ ਜਿੱਥੇ ਵੀ ਰੋਕੇ, ਉੱਥੇ ਹੀ ਬੈਠ ਕੇ ਪ੍ਰਦਰਸ਼ਨ ਸ਼ੁਰੂ ਕਰ ਦੇਣ। ਐਤਵਾਰ ਰਾਤ ਨੂੰ ਵੀ ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਅਤੇ ਦੇਰ ਰਾਤ ਤੱਕ ਯੂਨੀਵਰਸਿਟੀ ਦੇ ਗੇਟ ‘ਤੇ ਧਰਨਾ ਲਗਾਈ ਰੱਖਿਆ।
ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਯੂਨੀਵਰਸਿਟੀ ਵਿੱਚ ਅੱਜ (10 ਨਵੰਬਰ) ਅਤੇ ਕੱਲ੍ਹ, ਦੋ ਦਿਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਦੀ ਕਾਲ ‘ਤੇ ਉਨ੍ਹਾਂ ਦੇ ਸਮਰਥਨ ਵਿੱਚ ਕਿਸਾਨ ਅਤੇ ਕਈ ਰਾਜਨੀਤਿਕ ਪਾਰਟੀਆਂ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਰਹੇ ਹਨ।
ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਦੇ ਹੋਏ 2 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਹਨ। ਪੂਰੇ ਸ਼ਹਿਰ ਵਿੱਚ 12 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਯੂਨੀਵਰਸਿਟੀ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ, ਜਿਨ੍ਹਾਂ ਦਾ ਕੋਈ ਕੰਮ ਹੈ, ਜਿਸ ਲਈ ਉਨ੍ਹਾਂ ਦੀ ਆਈਡੀ ਵੀ ਦੇਖੀ ਜਾ ਰਹੀ ਹੈ।
ਇਹ ਵਿਵਾਦ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਵਿਦਿਆਰਥੀ ਭੜਕ ਉੱਠੇ ਸਨ, ਹਾਲਾਂਕਿ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ।

