International

ਹਾਂਗ ਕਾਂਗ ਦੇ ਰਿਹਾਇਸ਼ੀ ਖੇਤਰ ਵਿੱਚ ਲੱਗੀ ਭਿਆਨਕ ਅੱਗ, 44 ਲੋਕਾਂ ਦੀ ਮੌਤ, 279 ਜ਼ਖਮੀ

ਹਾਂਗਕਾਂਗ ਦੇ ਤਾਈ ਪੋ ਖੇਤਰ ਸਥਿਤ ਵਾਂਗ ਫੁਕ ਕੋਰਟ ਰਿਹਾਇਸ਼ੀ ਕੰਪਲੈਕਸ ਵਿੱਚ ਬੁੱਧਵਾਰ ਨੂੰ ਲੱਗੀ ਭਿਆਨਕ ਅੱਗ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਇਹ ਹਾਂਗਕਾਂਗ ਦੀਆਂ ਦਹਾਕਿਆਂ ਵਿੱਚ ਸਭ ਤੋਂ ਘਾਤਕ ਅੱਗ ਮੰਨੀ ਜਾ ਰਹੀ ਹੈ। ਹੁਣ ਤੱਕ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 279 ਜ਼ਖ਼ਮੀ ਹਨ। ਅੱਗ ਨੂੰ ਪੱਧਰ-5 (ਸਭ ਤੋਂ ਗੰਭੀਰ) ਦਰਜਾ ਦਿੱਤਾ ਗਿਆ ਹੈ।

ਇਹ ਕੰਪਲੈਕਸ 8 ਟਾਵਰਾਂ ਵਾਲਾ ਹੈ, ਹਰ ਟਾਵਰ ਵਿੱਚ 35 ਮੰਜ਼ਿਲਾਂ ਤੇ ਲਗਭਗ 2,000 ਅਪਾਰਟਮੈਂਟ ਹਨ। ਮੁਰੰਮਤ ਦੇ ਕੰਮ ਕਾਰਨ ਸਾਰੀਆਂ ਇਮਾਰਤਾਂ ਬਾਂਸ ਦੀ ਸਕੈਫੋਲਡਿੰਗ ਨਾਲ ਢੱਕੀਆਂ ਹੋਈਆਂ ਸਨ। ਅੱਗ ਸਕੈਫੋਲਡਿੰਗ ਤੋਂ ਹੀ ਸ਼ੁਰੂ ਹੋਈ ਤੇ ਤੇਜ਼ ਹਵਾਵਾਂ ਕਾਰਨ ਇੱਕ ਟਾਵਰ ਤੋਂ ਦੂਜੇ ਤੱਕ ਤੇਜ਼ੀ ਨਾਲ ਫੈਲ ਗਈ। ਬਾਂਸ ਦੀਆਂ ਤੇਜ਼ ਤੜਕ-ਭੜਕ ਆਵਾਜ਼ਾਂ ਦੂਰੋਂ ਸੁਣੀਆਂ ਜਾ ਰਹੀਆਂ ਸਨ।

ਬਹੁਤ ਸਾਰੇ ਨਿਵਾਸੀਆਂ ਦੀਆਂ ਖਿੜਕੀਆਂ ਮੁਰੰਮਤ ਕਾਰਨ ਬੰਦ ਸਨ, ਇਸ ਲਈ ਉਹ ਅੱਗ ਬਾਰੇ ਅਣਜਾਣ ਰਹੇ। ਜ਼ਿਆਦਾਤਰ ਬਜ਼ੁਰਗ ਤੇ ਬੱਚੇ ਸਮੇਂ ਸਿਰ ਬਾਹਰ ਨਾ ਨਿਕਲ ਸਕੇ। ਕਈ ਮੰਜ਼ਿਲਾਂ ’ਤੇ ਤਾਪਮਾਨ ਇੰਨਾ ਵੱਧ ਗਿਆ ਕਿ ਫਾਇਰਫਾਈਟਰ ਵੀ ਅੰਦਰ ਨਹੀਂ ਜਾ ਸਕੇ। ਅੱਗ ਬੁਝਾਉਂਦਿਆਂ ਇੱਕ ਫਾਇਰਫਾਈਟਰ ਦੀ ਵੀ ਮੌਤ ਹੋ ਗਈ।

ਪੁਲਿਸ ਨੇ ਅੱਗ ਲੱਗਣ ਦੇ ਸ਼ੱਕ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਲਾਪਰਵਾਹੀ ਜਾਂ ਦੋਸ਼ੀ ਕਤਲ ਦਾ ਸ਼ੱਕ ਹੈ। ਅੱਗ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗਾ, ਪਰ ਕਈ ਨਿਵਾਸੀਆਂ ਨੂੰ ਸ਼ੱਕ ਹੈ ਕਿ ਸਿਗਰਟ ਦੀ ਟਿੱਚ ਕਾਰਨ ਅੱਗ ਲੱਗੀ ਹੋ ਸਕਦੀ ਹੈ।ਨੇੜਲੀਆਂ ਇਮਾਰਤਾਂ ਖਾਲੀ ਕਰਵਾਈਆਂ ਗਈਆਂ ਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ।

ਪ੍ਰਭਾਵਿਤ ਲੋਕਾਂ ਲਈ ਕਵਾਂਗ ਫੁਕ ਕਮਿਊਨਿਟੀ ਹਾਲ ਤੇ ਤੁੰਗ ਚੇਓਂਗ ਸਟ੍ਰੀਟ ਲੀਜ਼ਰ ਬਿਲਡਿੰਗ ਵਿੱਚ ਅਸਥਾਈ ਆਸਰੇ ਬਣਾਏ ਗਏ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਡੂੰਘੀ ਸੋਗਵੰਦਨਾ ਕੀਤੀ ਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਹੁਕਮ ਦਿੱਤੇ। ਅੱਗ ’ਤੇ ਹੁਣ ਤੱਕ ਪੂਰਾ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਲਾਪਤਾ ਲੋਕਾਂ ਦੀ ਗਿਣਤੀ ਦਾ ਅਜੇ ਪਤਾ ਲੱਗ ਰਿਹਾ ਹੈ।