India

ਦੇਸ਼ ’ਚ ਵਾਪਰਿਆ ਇੱਕ ਹੋਰ ਰੇਲ ਹਾਦਸਾ! ਕੋਰਬਾ ਐਕਸਪ੍ਰੈਸ ਨੂੰ ਲੱਗੀ ਅੱਗ

ਬਿਉਰੋ ਰਿਪੋਰਟ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਐਤਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਕੋਰਬਾ ਤੋਂ ਆਈ ਕੋਰਬਾ-ਵਿਸ਼ਾਖਾਪਟਨਮ ਐਕਸਪ੍ਰੈਸ ਦੇ ਤਿੰਨ ਏਸੀ ਡੱਬਿਆਂ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਇੰਨੀ ਵੱਧ ਗਈ ਕਿ ਤਿੰਨ ਡੱਬਿਆਂ ਵਿੱਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ। ਜਾਣਕਾਰੀ ਮਿਲਣ ’ਤੇ ਰਾਹਤ ਟੀਮ ਮੌਕੇ ’ਤੇ ਪਹੁੰਚੀ ਅਤੇ ਬੜੀ ਮੁਸ਼ਕਲ ਨਾਲ ਸਾਰੇ ਯਾਤਰੀਆਂ ਨੂੰ ਟਰੇਨ ’ਚੋਂ ਬਾਹਰ ਕੱਢਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਤਿੰਨ ਡੱਬਿਆਂ ਵਿੱਚ ਰੱਖਿਆ ਯਾਤਰੀਆਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਰੇਲ ਗੱਡੀ ’ਚ ਸਫਰ ਕਰ ਰਹੇ ਯਾਤਰੀਆਂ ਮੁਤਾਬਕ ਟਰੇਨ ਵਿਸ਼ਾਖਾਪਟਨਮ ਦੇ ਪਲੇਟਫਾਰਮ ਨੰਬਰ 4 ’ਤੇ ਖੜ੍ਹੀ ਸੀ। ਇਸ ਦੌਰਾਨ B7 ਕੋਚ ’ਚ ਧੂੰਆਂ ਉੱਠਣ ਲੱਗਾ। ਇਹ ਦੇਖ ਕੇ ਇਸ ਕੋਚ ’ਚ ਸਵਾਰ ਯਾਤਰੀ ਰੌਲਾ ਪਾਉਂਦੇ ਹੋਏ ਬਾਹਰ ਭੱਜ ਗਏ। ਇਸ ਦੌਰਾਨ ਕੋਚ ’ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਕੁਝ ਹੀ ਸਮੇਂ ਵਿੱਚ ਅੱਗ ਫੈਲ ਗਈ ਅਤੇ B6 ਕੋਚ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਟਰੇਨ ਸਵੇਰੇ ਸਾਢੇ ਛੇ ਵਜੇ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਪਹੁੰਚੀ। ਇਹ ਟਰੇਨ 9:45 ’ਤੇ ਯਾਰਡ ਲਈ ਰਵਾਨਾ ਹੋਣੀ ਸੀ। ਇਸ ਦੌਰਾਨ ਟਰੇਨ ਦੇ B7 ਕੋਚ ‘ਚੋਂ ਧੂੰਆਂ ਨਿਕਲਣ ਲੱਗਾ ਅਤੇ ਕੁਝ ਹੀ ਸਮੇਂ ’ਚ ਅੱਗ ਨੇੜੇ ਦੇ ਦੂਜੇ ਕੋਚ B6 ਤੱਕ ਪਹੁੰਚ ਗਈ।

ਫਾਇਰ ਕਰਮੀਆਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ

ਘਟਨਾ ਤੋਂ ਬਾਅਦ ਸਰਗਰਮ ਰਾਹਤ ਦਸਤੇ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਜਦੋਂ ਤੱਕ ਅੱਗ ਪੂਰੀ ਤਰ੍ਹਾਂ ਬੁਝ ਗਈ ਸੀ, ਉਦੋਂ ਤੱਕ B7, B6, ਤੋਂ ਇਲਾਵਾ M1 ਕੋਚ ਵੀ ਸੜ ਕੇ ਸੁਆਹ ਹੋ ਗਏ ਸਨ। ਰਾਹਤ ਟੀਮ ਮੁਤਾਬਕ ਫਾਇਰ ਕਰਮੀਆਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲ ਗਿਆ। ਫਾਇਰ ਕਰਮੀਆਂ ਨੇ ਜਿਵੇਂ ਹੀ ਇੱਥੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਬਜਾਏ ਪਹਿਲਾਂ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਅੱਗ ਨੂੰ ਵਧਣ ਤੋਂ ਰੋਕ ਲਿਆ ਗਿਆ ਤਾਂ ਹੌਲੀ-ਹੌਲੀ ਇਸ ’ਤੇ ਕਾਬੂ ਪਾਇਆ ਗਿਆ ਅਤੇ ਕਰੀਬ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਰੇਲਵੇ

ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਰੇਲਵੇ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਰੇਲਵੇ ਨੇ ਮੰਨਿਆ ਹੈ ਕਿ ਇਹ ਹਾਦਸਾ ਇਸ ਤੋਂ ਵੀ ਵੱਡਾ ਹੋ ਸਕਦਾ ਸੀ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਟਰੇਨ ਪਲੇਟਫਾਰਮ ’ਤੇ ਖੜ੍ਹੀ ਸੀ ਅਤੇ ਹਾਦਸੇ ਦੇ ਸਮੇਂ ਟਰੇਨ ਦੇ ਅੰਦਰ ਕੋਈ ਯਾਤਰੀ ਨਹੀਂ ਸੀ। ਰੇਲਵੇ ਨੇ ਹਾਦਸੇ ਦਾ ਮੁੱਢਲਾ ਕਾਰਨ ਤਕਨੀਕੀ ਖ਼ਰਾਬੀ ਨੂੰ ਦੱਸਿਆ ਹੈ, ਹਾਲਾਂਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਕੇ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ ਹੈ।