India

ਕੇਦਾਰਨਾਥ ਮੰਦਿਰ ਨੇੜੇ ਐਵਲਾਂਚ!

ਦੇਸ਼ ਭਰ ਵਿੱਚ ਹੋ ਰਹੀ ਬਾਰਿਸ਼ ਦੇ ਵਿਚਕਾਰ ਅੱਜ ਉੱਤਰਾਖੰਡ ਵਿੱਚ ਕੇਦਾਰਨਾਥ ਮੰਦਰ ਨੇੜੇ ਐਵਲਾਂਚ ਆਇਆ। ਸਵੇਰੇ 5 ਵਜੇ, ਮੰਦਿਰ ਦੇ ਪਿੱਛੇ ਪਹਾੜੀ ਉੱਤੇ ਗਾਂਧੀ ਸਰੋਵਰ ’ਤੇ ਬਰਫ਼ ਦਾ ਇੱਕ ਵੱਡਾ ਹਿੱਸਾ ਖਿਸਕ ਗਿਆ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰਾਖੰਡ ਦੇ ਹਰਿਦੁਆਰ ’ਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ 8 ਵਾਹਨ ਵਹਿ ਗਏ ਸਨ।

ਕੇਦਾਰਨਾਥ ਮੰਦਿਰ ਦੇ ਚੋਰਾਬਾੜੀ ਦੇ ਉੱਪਰ ਹਿਮਾਲਿਆ ਦੀਆਂ ਪਹਾੜੀ ਸ਼੍ਰੇਣੀਆਂ ਵਿੱਚ ਐਤਵਾਰ ਨੂੰ ਇੱਕ ਗਲੇਸ਼ੀਅਰ ਟੁੱਟ ਗਿਆ। ਇਸ ਦੌਰਾਨ ਬਰਫ਼ ਦਾ ਗੁਬਾਰ ਉੱਠਿਆ ਅਤੇ ਕੁਝ ਦੇਰ ਬਾਅਦ ਡੂੰਘੀ ਖਾਈ ਵਿੱਚ ਜਾ ਡਿੱਗਾ। ਇਸ ਕੁਦਰਤੀ ਨਜ਼ਾਰੇ ਨੂੰ ਮੰਦਿਰ ਇਲਾਕੇ ਵਿੱਚ ਮੌਜੂਦ ਕਈ ਯਾਤਰੀਆਂ ਨੇ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ।

ਇਸ ਸਬੰਧੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਗਾਂਧੀ ਸਰੋਵਰ ਦੇ ਉੱਪਰ ਸਵੇਰੇ ਕਰੀਬ ਪੰਜ ਵਜੇ ਐਵਲਾਂਚ ਆਇਆ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਆਈਐਮਡੀ ਨੇ ਅੱਜ ਯੂਪੀ, ਉੱਤਰਾਖੰਡ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਰਾਜਾਂ ਵਿੱਚ 2 ਜੁਲਾਈ ਤੱਕ ਔਰੇਂਜ ਅਲਰਟ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੇਘਾਲਿਆ, ਅਰੁਣਾਚਲ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 30 ਜੂਨ ਤੋਂ 3 ਜੁਲਾਈ ਦਰਮਿਆਨ 64.5 ਤੋਂ 204.4 ਮਿਲੀਮੀਟਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮਾਨਸੂਨ ਐਤਵਾਰ (30 ਜੂਨ) ਨੂੰ ਪੂਰੇ ਦੇਸ਼ ਨੂੰ ਕਵਰ ਕਰੇਗਾ। ਸ਼ਨੀਵਾਰ (29 ਜੂਨ) ਨੂੰ ਮਾਨਸੂਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਅੱਗੇ ਵਧਿਆ। ਹੁਣ ਸਿਰਫ਼ ਪੰਜਾਬ, ਹਰਿਆਣਾ ਅਤੇ ਪੱਛਮੀ ਰਾਜਸਥਾਨ ਦੇ ਹਿੱਸੇ ਹੀ ਬਚੇ ਹਨ। ਆਮ ਤੌਰ ’ਤੇ ਮਾਨਸੂਨ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ।

ਇਹ ਵੀ ਪੜ੍ਹੋ – ਜਨਰਲ ਦਿਵੇਦੀ ਨੇ ਨਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ