ਬਿਊਰੋ ਰਿਪੋਰਟ (26 ਫਰਵਰੀ, 2026): ਚੰਡੀਗੜ੍ਹ ਸੀ.ਬੀ.ਆਈ. (CBI) ਨੇ ਸਾਬਕਾ ਸੈਨਿਕ ਅੰਸ਼ਦਾਈ ਸਿਹਤ ਯੋਜਨਾ (ECHS) ਵਿੱਚ ਹੋਏ ਕਰੀਬ 100 ਕਰੋੜ ਰੁਪਏ ਦੇ ਵੱਡੇ ਘੁਟਾਲੇ ਦੀ ਜਾਂਚ ਦੌਰਾਨ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਜਾਂਚ ਦੌਰਾਨ ਫ਼ਰਜ਼ੀ ਲੈਬ ਰਿਪੋਰਟਾਂ, ਫ਼ਰਜ਼ੀ ਮੈਡੀਕਲ ਸਰਟੀਫਿਕੇਟ ਤੇ ਬਿਨਾਂ ਇਲਾਜ ਕੀਤੇ ਬਣਾਏ ਗਏ ਲੱਖਾਂ ਰੁਪਏ ਦੇ ਬਿੱਲ ਬਰਾਮਦ ਕੀਤੇ ਗਏ ਹਨ।
ਸੀ.ਬੀ.ਆਈ. ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ‘ਮੰਥਨ ਹੈਲਥ ਕੇਅਰ’ ਨਾਮ ਦੀ ਸੰਸਥਾ ਹਸਪਤਾਲਾਂ ਨੂੰ ਮਰੀਜ਼ ਮੁਹੱਈਆ ਕਰਵਾਉਂਦੀ ਸੀ ਅਤੇ ਬਦਲੇ ਵਿੱਚ ਮੋਟਾ ਕਮਿਸ਼ਨ ਲੈਂਦੀ ਸੀ। ਚੰਡੀਗੜ੍ਹ ਦੇ ਸੈਕਟਰ-38 ਸਥਿਤ ਇੱਕ ਡਾਇਗਨੌਸਟਿਕ ਸੈਂਟਰ ਵਿੱਚ ਫ਼ਰਜ਼ੀ ਲੈਬ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦੇ ਅਧਾਰ ’ਤੇ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਤੇ ਇੰਜੈਕਸ਼ਨ ਲਿਖੇ ਜਾਂਦੇ ਸਨ।
ਇੰਜੈਕਸ਼ਨਾਂ ਦਾ ਵੱਡਾ ਘਪਲਾ
ਜਾਂਚ ਵਿੱਚ ਪਤਾ ਲੱਗਾ ਹੈ ਕਿ ਇੱਕ ਹੀ ਇੰਜੈਕਸ਼ਨ ਦਾ ਵਾਇਲ ਨੰਬਰ (Vial Number) ਕਈ ਵੱਖ-ਵੱਖ ਮਰੀਜ਼ਾਂ ਦੇ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। 5 ਤੋਂ 10 ਹਜ਼ਾਰ ਰੁਪਏ ਦੀ ਕੀਮਤ ਵਾਲੇ ਇੰਜੈਕਸ਼ਨ ਕਾਗਜ਼ਾਂ ਵਿੱਚ ਲਗਾਏ ਦਿਖਾ ਕੇ ਪ੍ਰਤੀ ਮਰੀਜ਼ 3 ਤੋਂ 4 ਲੱਖ ਰੁਪਏ ਦੇ ਬਿੱਲ ਵਸੂਲੇ ਗਏ। ਕਈ ਮਰੀਜ਼ ਤਾਂ ਅਸਲ ਵਿੱਚ ਹਸਪਤਾਲ ਵਿੱਚ ਭਰਤੀ ਹੀ ਨਹੀਂ ਸਨ, ਉਨ੍ਹਾਂ ਨੂੰ ਸਿਰਫ਼ ਦਸਤਾਵੇਜ਼ਾਂ ਵਿੱਚ ਹੀ ਭਰਤੀ ਦਿਖਾਇਆ ਗਿਆ ਸੀ।
ਬਾਹਰਲੇ ਸੂਬਿਆਂ ਤੋਂ ਲਿਆਂਦੇ ਜਾਂਦੇ ਸਨ ਮਰੀਜ਼
ਏਜੰਟਾਂ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਤੋਂ ਮਰੀਜ਼ਾਂ ਨੂੰ ਚੰਡੀਗੜ੍ਹ ਲਿਆਂਦਾ ਜਾਂਦਾ ਸੀ। ਸੀ.ਬੀ.ਆਈ. ਹੁਣ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਬਿਨਾਂ ਜਾਂਚ ਕੀਤੇ ਇੰਨੇ ਵੱਡੇ ਬਿੱਲ ਪਾਸ ਕੀਤੇ। ਏਜੰਸੀ ਨੇ ਇਸ ਮਾਮਲੇ ਵਿੱਚ ਕਈ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਹਾਰਡ ਡਿਸਕਾਂ ਜ਼ਬਤ ਕਰ ਲਈਆਂ ਹਨ।

