Punjab Religion

ਬਟਾਲਾ ਦੇ ਸ਼੍ਰੀ ਅਚਲੇਸ਼ਵਰ ਧਾਮ ਮੇਲੇ ਦੇ ਪਹਿਲੇ ਦਿਨ ਪਵਿੱਤਰ ਸਰੋਵਰ ’ਚ ਮਰੀਆਂ ਮੱਛੀਆਂ! ਪੁਲਿਸ ਪ੍ਰਸ਼ਾਸਨ ’ਚ ਦਹਿਸ਼ਤ

ਬਿਉਰੋ ਰਿਪੋਰਟ: ਬਟਾਲਾ ਵਿਖੇ ਮਸ਼ਹੂਰ ਸ਼੍ਰੀ ਅਚਲੇਸ਼ਵਰ ਧਾਮ ਦਾ ਸਾਲਾਨਾ ਨਵਮੀ-ਦਸਵਾਂ ਮੇਲਾ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਧਰਤੀ ਕਾਰਨ ਇਸ ਮੰਦਰ ਦੇ ਸਰੋਵਰ ਵਿੱਚ ਇਸ਼ਨਾਨ ਦਾ ਬਹੁਤ ਮਹੱਤਵ ਹੈ ਪਰ ਮੇਲੇ ਦੇ ਪਹਿਲੇ ਹੀ ਦਿਨ, ਪਵਿੱਤਰ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਰਨ ਦੀ ਘਟਨਾ ਨੇ ਹਲਚਲ ਮਚਾ ਦਿੱਤੀ ਹੈ।

ਇਹ ਘਟਨਾ ਸਵੇਰੇ ਤੜਕੇ ਵਾਪਰੀ ਜਿਸਤੋਂ ਬਾਅਦ ਸ੍ਰੀ ਅਚਲੇਸ਼ਵਰ ਧਾਮ ਮੰਦਰ ਟਰੱਸਟ ਸਮੇਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ’ਤੇ ਰੋਸ ਜ਼ਾਹਰ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਇੱਥੇ ਇਸ਼ਨਾਨ ਕਰਨ ਲਈ ਆਉਣ ਵਾਲੇ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਨਾ ਕਰ ਸਕਣ ਕਾਰਨ ਨਿਰਾਸ਼ ਹਨ।

ਦੱਸ ਦੇਈਏ ਕਿ ਅੱਜ ਸਵੇਰੇ ਤੜਕੇ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਹਰ ਸਾਲ ਨਵਮੀ-ਦਸਵੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਇਹ ਮੇਲਾ 10 ਅਤੇ 11 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਲਈ ਮੰਦਰ ਟਰੱਸਟ ਤੋਂ ਇਲਾਵਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਸ਼ਰਧਾਲੂ ਮੱਥਾ ਟੇਕਣ ਲਈ ਰਾਤ ਨੂੰ ਹੀ ਮੰਦਰ ’ਚ ਪਹੁੰਚ ਗਏ ਪਰ ਦੂਜੇ ਪਾਸੇ ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਵਿੱਚ ਸਾਰੀਆਂ ਮੱਛੀਆਂ ਦੇ ਮਰਨ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਮੰਦਿਰ ਟਰੱਸਟ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੱਛੀਆਂ ਦੀ ਮੌਤ ਦੀ ਸੂਚਨਾ ਮਿਲੀ ਤਾਂ ਪ੍ਰਸ਼ਾਸਨ ਹੈਰਾਨ ਰਹਿ ਗਿਆ।

ਸਿਵਲ ਅਤੇ ਪੁਲਿਸ ਪ੍ਰਸ਼ਾਸਨ ਭਾਰੀ ਫੋਰਸ ਨਾਲ ਮੌਕੇ ’ਤੇ ਪਹੁੰਚ ਗਿਆ। ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਫਿਲਹਾਲ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ। ਸ੍ਰੀ ਅਚਲੇਸ਼ਵਰ ਧਾਮ ਮੰਦਿਰ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਟਰੱਸਟ ਵੱਲੋਂ ਇਨ੍ਹਾਂ ਮੱਛੀਆਂ ਦੀ ਲਗਾਤਾਰ ਦੇਖਭਾਲ ਕੀਤੀ ਜਾਂਦੀ ਹੈ। ਸ਼ਨੀਵਾਰ ਰਾਤ 8 ਵਜੇ ਤੱਕ ਸਭ ਕੁਝ ਠੀਕ ਸੀ ਪਰ ਅੱਧੀ ਰਾਤ ਤੋਂ ਬਾਅਦ ਮੱਛੀਆਂ ਦੇ ਮਰਨ ਦੀ ਸੂਚਨਾ ਮਿਲੀ।

ਮੇਲੇ ਵਿੱਚ ਇਸ਼ਨਾਨ ਦਾ ਬਹੁਤ ਮਹੱਤਵ ਹੈ

ਤੁਹਾਨੂੰ ਦੱਸ ਦੇਈਏ ਕਿ ਭਗਵਾਨ ਸ਼ਿਵ ਆਪਣੇ ਵੱਡੇ ਪੁੱਤਰ ਕਾਰਤਿਕੇਯ ਨੂੰ ਮਨਾਉਣ ਲਈ 33 ਕਰੋੜ ਦੇਵੀ-ਦੇਵਤਿਆਂ ਦੇ ਨਾਲ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਆਏ ਸਨ। ਇਸ ਤੋਂ ਬਾਅਦ ਇੱਥੇ ਮੇਲਾ ਲੱਗਣ ਲੱਗਾ। ਫਿਰ ਵਹਿਮਾਂ-ਭਰਮਾਂ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਇੱਥੇ ਆਏ ਅਤੇ ਸਾਧੂਆਂ ਨਾਲ ਗੋਸ਼ਟੀ ਕੀਤੀ। ਜਿਸ ਕਾਰਨ ਧਾਮ ਦੇ ਸਰੋਵਰ ਵਿੱਚ ਪਵਿੱਤਰ ਇਸ਼ਨਾਨ ਦਾ ਬਹੁਤ ਮਹੱਤਵ ਹੈ। ਨਵਮੀ ਅਤੇ ਦਸਵੀਂ ਵਾਲੇ ਦਿਨ ਇਸ਼ਨਾਨ ਕਰਨ ਨਾਲ ਪੁੰਨ ਮਿਲਦਾ ਹੈ। ਦੋਵੇਂ ਦਿਨ ਸੰਗਤਾਂ ਇਸ਼ਨਾਨ ਕਰਨ ਲਈ ਆਉਂਦੀਆਂ ਹਨ ਪਰ ਇਸ ਘਟਨਾ ਕਾਰਨ ਇਸ਼ਨਾਨ ਨਾ ਹੋਣ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।

ਸਰੋਵਰ ਦੇ ਘਾਟ 'ਤੇ ਮਰੀਆਂ ਹੋਈਆਂ ਮੱਛੀਆਂ