India Punjab

ਮੇਰਾ ਪੰਜਾਬ… ਜਿਹਦੇ ਵਿਹੜੇ ਵਿੱਚ “ਸਜਦੀਆਂ” ਨੇ ਤਿਰੰਗੇ ਤੇ ਕਿਸਾਨੀ ਝੰਡੇ ‘ਚ ਲਪੇਟੀਆਂ ਦੇਹਾਂ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਮੇਰਾ ਭਾਰਤ ਮਹਾਨ ਹੈ, ਜਿੱਥੇ ਬਾਪ ਜ਼ਮੀਨ ਲਈ, ਬੇਟਾ ਸਰਹੱਦ ਲਈ ਸ਼ਹੀਦ ਹੋਣ ਲੱਗਾ ਹੈ। ਬਾਪ ਆਪਣੀ ਪੈਲੀ ਬਚਾਉਣ ਲਈ ਅਤੇ ਬੇਟਾ ਦੇਸ਼ ਦੀ ਧਰਤੀ ਖਾਤਿਰ ਆਪਣੀ ਰਤ ਡੋਲ੍ਹ ਰਿਹਾ ਹੈ। ਅਜਿਹੇ ਪਰਿਵਾਰਾਂ ਦਾ ਜ਼ਿਕਰ ਤਾਂ ਫਖਰ ਨਾਲ ਕਰਨਾ ਬਣਦਾ ਹੈ ਜਿਨ੍ਹਾਂ ਦੇ ਵਿਹੜੇ ਬਾਪ ਅਤੇ ਪੁੱਤ ਦੀ ਲਾਸ਼ ਇੱਕੋ ਦਿਨ ਆ ਪੁੱਜੀਆਂ। ਪੁੱਤ ਦੀ ਲਾਸ਼ ਤਿਰੰਗੇ ਵਿੱਚ ਅਤੇ ਬਾਪ ਦੀ ਕਿਸਾਨੀ ਝੰਡੇ ਵਿੱਚ ਲਪੇਟੀ ਹੋਈ। ਉਸ ਦਿਨ ਬਾਪੂ ਪੰਜਾਬ ਸਿਹੁੰ ਦੀ ਜ਼ੋਰ ਦੀ ਧਾਂਹ ਨਿਕਲੀ, ਫੇਰ ਧਰਮ ਕੌਰ ਦੀ ਦੁਹੱਥਲੀ ਵੱਜੀ। ਅਗਲੇ ਪਲ ਦੋਹਾਂ ਤੋਂ ਪੁੱਤ ਅਤੇ ਪੋਤਰੇ ਨੂੰ ਸੱਜੇ ਹੱਥ ਨਾਲ ਸਲੂਟ ਮਾਰ ਕੇ ਸਲਾਮੀ ਦਿੱਤੀ ਗਈ। ਉਦੋਂ ਪਰ੍ਹੇ ਖੜੀ ਨਸੀਬ ਕੌਰ ਦੇ ਮੂੰਹੋਂ ਅਣਭੋਲ ਹੀ ਕਿਰ ਗਿਆ, “ਮੇਰੇ ਵਰਗਾ ਖੁਸ਼ਕਿਸਮਤ ਕੌਣ ਹਊ, ਜਿਸਦਾ ਪੁੱਤ ਦੇਸ਼ ਲਈ, ਪਤੀ ਪੈਲੀ ਲਈ ਸ਼ਹੀਦੀ ਪਾ ਗਿਆ ਹੋਵੇ।”

ਪੰਜਾਬ ਸਿਹੁੰ ਦੇ ਪਰਿਵਾਰ ਨੂੰ ਪਤਾ ਸੀ ਕਿ ਦੋ ਪੀੜ੍ਹੀਆਂ ਪ੍ਰਵਾਨ ਕਰਕੇ ਉਹ ਸੁਰਖਰੂ ਨਹੀਂ ਹੋਏ। ਪਰ ਸੂਬੇ ਦੇ ਹਾਕਮ ਨੇ ਜ਼ਰੂਰ ਲੱਗਦਾ ਹੈ ਕਿ ਉਸਨੇ ਪਰਿਵਾਰ ਲਈ 50 ਲੱਖ ਦੀ ਰਕਮ ਦੇਣ ਦਾ ਐਲਾਨ ਕਰਕੇ ਹੋਰ ਭੱਲ ਖੱਟ ਲਈ ਹੈ। ਅੱਗੇ ਲਈ ਵੋਟਾਂ ਵੀ ਇਕੱਠੀਆਂ ਕਰ ਲਈਆਂ ਹਨ। ਸੂਬੇ ਦੇ ਮੁਖੀ ਨੂੰ ਕੌਣ ਸਮਝਾਵੇ ਕਿ ਜਿਹੜੀ ਠੰਡ ਪੁੱਤ ਦੇ ਮਾਂ ਦੇ ਸੀਨੇ ਨਾਲ ਲੱਗਣ ‘ਤੇ ਪੈਣੀ ਸੀ, ਉਸਦੇ ਬਰਾਬਰ ਮੁਆਵਜ਼ੇ ਦਾ ਪੈਸਾ ਕਿੱਥੇ ਖੜ੍ਹਦਾ ਹੈ। ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਵਰਤਾਰਾ ਲਗਾਤਾਰ ਚੱਲਿਆ ਆ ਰਿਹਾ ਹੈ। ਸੈਂਕੜੇ ਘਰਾਂ ਵਿੱਚ ਕਦੇ ਤਿਰੰਗੇ ਵਿੱਚ ਲਪੇਟੀ ਅਤੇ ਕਦੇ ਕਿਸਾਨੀ ਝੰਡੇ ਵਿੱਚ ਲਪੇਟੀ ਲਾਸ਼ ਘੂੰ-ਘੂੰ ਕਰਦੀਆਂ ਗੱਡੀਆਂ ਵਿੱਚ ਆ ਪਹੁੰਚਦੀ ਹੈ। ਅੱਜ ਵੀ ਮੇਰੇ ਸੂਬੇ ਦੇ ਤਿੰਨ ਘਰਾਂ ਵਿੱਚ ਇੱਕੋ ਵੇਲੇ ਤਿਰੰਗੇ ਵਿੱਚ ਲਪੇਟੀਆਂ ਲਾਸ਼ਾਂ ਪਹੁੰਚੀਆਂ ਹਨ।

ਜਦੋਂ ਕਿਸੇ ਮਾਂ ਦਾ ਜਵਾਨ ਪੁੱਤ ਸ਼ਹੀਦ ਹੁੰਦਾ ਹੈ ਤਾਂ ਉਸਦੀ ਸ਼ਹੀਦੀ ‘ਤੇ ਬੇਸ਼ੱਕ ਸਾਰੇ ਦੇਸ਼ ਨੂੰ ਬਹੁਤ ਮਾਣ ਹੁੰਦਾ ਹੈ ਪਰ ਮਾਪਿਆਂ ਦੀ ਤਕਲੀਫ਼, ਉਨ੍ਹਾਂ ਦੇ ਅੰਦਰ ਦੀ ਚੀਸ ਸਿਰਫ਼ ਉਹੀ ਸਮਝ ਸਕਦੇ ਹਨ, ਉਸ ਚੀਸ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਸ਼ਹੀਦਾਂ ਨੂੰ ਸ਼ੁਰੂ-ਸ਼ੁਰੂ ਵਿੱਚ ਸਾਰੇ ਯਾਦ ਰੱਖਦੇ ਹਨ, ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹਨ, ਪਰਿਵਾਰ ਦੀ ਵਿੱਤੀ ਮਦਦ ਕਰਨ ਦਾ ਵਾਅਦਾ ਵੀ ਕਰਦੇ ਹਨ ਪਰ ਕਈ ਵਾਰ ਇਹ ਵਾਅਦੇ ਦਾਅਵੇ ਬਣ ਕੇ ਰਹਿ ਜਾਂਦੇ ਹਨ ਅਤੇ ਪਰਿਵਾਰ ਆਪਣੇ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਆਪਣਾ ਜੀਵਨ ਬਸਰ ਕਰਦਾ ਹੈ। ਕਿਸੇ ਦੇ ਘਰ ਦੀ ਰੋਜ਼ੀ-ਰੋਟੀ ਚਲੀ ਜਾਂਦੀ ਹੈ ਤਾਂ ਕਿਸੇ ਦੇ ਘਰ ਦਾ ਤਾਂ ਦੀਵਾ ਹੀ ਬੁੱਝ ਜਾਂਦਾ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਤੋਂ ਨਾਇਕ ਮਨਦੀਪ ਸਿੰਘ ਅਤੇ ਜ਼ਿਲ੍ਹਾ ਰੋਪੜ ਦੇ ਪਿੰਡ ਪੰਚਹਰਾਂਡਾ ਤੋਂ ਸਿਪਾਹੀ ਗੱਜਣ ਸਿੰਘ ਦੀ ਮੌਤ ਹੋਈ ਹੈ। ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਇਹ ਗੋਲੀਬਾਰੀ ਦੇਹਰਾ ਕੀ ਗਲੀ ਵਿੱਚ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਵਿੱਚ ਖੂਫ਼ੀਆ ਰਿਪੋਰਟਾਂ ਦੇ ਅਧਾਰ ‘ਤੇ ਕੀਤੀ ਗਈ। ਇਸ ਤੋਂ ਇਲਾਵਾ ਇੱਕ ਦੂਜਾ ਮੁਕਾਬਲਾ ਪੁੰਛ ਦੀ ਹੀ ਮੁਗ਼ਲ ਰੋਡ ਦੇ ਨਾਲ ਲੱਗਦੇ ਚਾਮਰਰ ਜੰਗਲਾਂ ਵਿੱਚ ਹੋਇਆ।

ਡਿਊਟੀ ‘ਤੇ ਤੈਨਾਤ ਜਵਾਨਾਂ ਵਿੱਚ 30 ਸਾਲਾਂ ਦੇ ਮਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸੀ। ਮਨਦੀਪ ਸਿੰਘ ਆਪਣੇ ਪਿੱਛੇ ਅਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਏ ਹਨ। ਕੁੱਝ ਦਿਨ ਪਹਿਲਾਂ ਹੀ ਮਨਦੀਪ ਦੇ ਘਰ ਬੇਟੇ ਦਾ ਜਨਮ ਹੋਇਆ ਸੀ ਅਤੇ ਖੁਦ ਮਨਦੀਪ ਵੀ ਮਹਿਜ 15 ਦਿਨ ਪਹਿਲਾਂ ਹੀ ਆਪਣੀ ਡਿਊਟੀ ’ਤੇ ਪਰਤੇ ਸੀ। ਮਨਦੀਪ ਦੀ ਮਾਂ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ, ਜੋ ਦੇਖਿਆ ਨਹੀਂ ਜਾ ਸਕਦਾ। ਜਿਸ ਘਰ ‘ਚ ਖੁਸ਼ੀਆਂ ਸਨ, ਉੱਥੇ ਹੀ ਹੁਣ ਮਾਹੌਲ ਦੁਖਦਾਈ ਬਣ ਗਿਆ ਹੈ। ਮਨਦੀਪ ਦਾ ਖੁਦ ਦਾ ਜਨਮ ਦਿਨ 16 ਅਕਤੂਬਰ ਨੂੰ ਹੈ ਅਤੇ ਇਸ ਵਾਰ 30 ਸਾਲ ਦਾ ਹੋਣਾ ਸੀ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਪਿੰਡ ‘ਚ ਅੱਜ ਸੋਗ ਪਸਰਿਆ ਹੋਇਆ ਹੈ। ਕਰੀਬ 21 ਸਾਲ ਪਹਿਲਾਂ ਫੌਜ ‘ਚ ਭਰਤੀ ਹੋਏ ਜਸਵਿੰਦਰ ਸਿੰਘ ਨੂੰ 2007 ‘ਚ ਅੱਤ ਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦਰੀ ਵਿਖਾਉਣ ਵਾਸਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਜਸਵਿੰਦਰ ਦੇ ਵੱਡੇ ਭਰਾ ਵੀ ਭਾਰਤੀ ਫੌਜ ਤੋਂ ਹਵਾਲਦਾਰ ਅਹੁਦੇ ਤੋਂ ਰਿਟਾਇਰ ਹਨ ਤੇ ਉਹਨਾਂ ਦੇ ਪਿਤਾ ਆਨਰੇਰੀ ਕੈਪਟਨ ਹਰਭਜਨ ਸਿੰਘ ਵੀ ਇਸੇ ਰੈਜਿਮੈਂਟ ਤੋਂ ਹੀ ਰਿਟਾਇਰ ਸਨ।

ਜ਼ਿਲ੍ਹਾ ਰੋਪੜ ਦੇ ਪਿੰਡ ਪੰਚਹਰਾਂਡਾ ਤੋਂ ਸਿਪਾਹੀ ਗੱਜਣ ਸਿੰਘ ਦਾ ਫ਼ਰਵਰੀ 2021 ਨੂੰ ਹਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਗੱਜਣ ਸਿੰਘ ਆਪਣੀ ਪਤਨੀ ਨੂੰ ਟਰੈਕਟਰ ਉੱਤੇ ਵਿਆਹ ਕੇ ਲੈਕੇ ਆਇਆ ਸੀ। ਗੱਜਣ ਸਿੰਘ ਦਾ ਜਨਮ 27 ਸਾਲ ਪਹਿਲਾਂ ਪਿੰਡ ਪਚਰੰਡਾ ਜ਼ਿਲ੍ਹਾ ਰੋਪੜ ਵਿਖੇ ਪਿਤਾ ਚਰਨ ਸਿੰਘ ਮਾਤਾ ਮਲਕੀਤ ਕੌਰ ਦੇ ਘਰ ਹੋਇਆ। ਗੱਜਣ ਸਿੰਘ ਦੇ ਤਿੰਨ ਭਰਾ ਹੋਰ ਵੀ ਹਨ।

ਉਹ 8 ਸਾਲ ਪਹਿਲਾਂ ਭਾਰਤੀ ਫੌਜ ਦੀ 23 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਸੀ ਅਤੇ ਇਸ ਵੇਲੇ ਫ਼ੌਜ ਦੀ 16 ਆਰ. ਆਰ. ਰੈਜੀਮੈਂਟ ਵਿੱਚ ਪੂੰਛ ਵਿਖ਼ੇ ਤਾਇਨਾਤ ਸੀ। ਗੱਜਣ ਸਿੰਘ ਦੀ ਮੌਤ ਦੀ ਖ਼ਬਰ ਮਿਲਣ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਘਰ ਵਿੱਚ ਗ਼ਮਗੀਨ ਮਾਹੌਲ ਹੈ। ਗੱਜਣ ਸਿੰਘ ਆਪਣੇ ਪਰਿਵਾਰ ‘ਚ ਸਭ ਤੋਂ ਛੋਟੇ ਸੀ। ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਦੀ ਹਾਲਤ ਇਹ ਖ਼ਬਰ ਸੁਨਣ ਤੋਂ ਬਾਅਦ ਕਾਫ਼ੀ ਖਰਾਬ ਹੈ। ਉਨ੍ਹਾਂ ਨੇ ਇਹ ਹੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ‘ਤੇ ਮਾਣ ਹੈ।

ਗੱਜਣ ਸਿੰਘ ਦੀ ਘਰਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੱਜਣ ਸਿੰਘ ਹੀ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਮਾਉਣ ਵਾਲਾ ਸੀ। ਬਾਕੀ ਸਾਰੇ ਤਾਂ ਮਜ਼ਦੂਰੀ ਕਰਦੇ ਹਨ। ਗੱਜਣ ਸਿੰਘ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਕੋਈ ਵੀ ਉਮੀਦ ਨਹੀਂ ਜਤਾਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਡਾ.ਦਲਜੀਤ ਸਿੰਘ ਚੀਮਾ ਵੀ ਅੱਜ ਗੱਜਣ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਸੇਵਾ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰ ਗਏ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੂਰਬੀਰਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਗਈ ਸਮਰਪਣ ਭਾਵਨਾ ਅਤੇ ਇੱਥੋਂ ਤੱਕ ਕਿ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਦੇਣ ਦਾ ਸਾਹਸ ਬਾਕੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਸ਼ਿੱਦਤ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਹੇਗਾ।