ਸ਼ਹੀਦ ਊਧਮ ਸਿੰਘ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਯੋਧਿਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਅਤੇ ਕਾਰਜ ਭਾਰਤੀ ਇਤਿਹਾਸ ਦੇ ਸੁਨਹਿਰੀ ਅਧਿਆਇ ਵਜੋਂ ਯਾਦ ਕੀਤੇ ਜਾਂਦੇ ਹਨ।
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਵਿਖੇ ਸਰਦਾਰ ਟਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਹ ਕੰਬੋਜ ਸਿੱਖ ਬਰਾਦਰੀ ਨਾਲ ਸਬੰਧਤ ਸਨ। ਉਨ੍ਹਾਂ ਦੇ ਵੱਡੇ ਭਰਾ ਸਾਧੂ ਸਿੰਘ ਸਨ। ਊਧਮ ਸਿੰਘ ਦਾ ਬਚਪਨ ਅਤਿ ਮੁਸ਼ਕਿਲਾਂ ਭਰਿਆ ਸੀ। ਜਨਮ ਤੋਂ ਦੋ ਸਾਲ ਬਾਅਦ 1901 ਵਿੱਚ ਉਨ੍ਹਾਂ ਦੀ ਮਾਤਾ, 1907 ਵਿੱਚ ਪਿਤਾ, ਅਤੇ 1913 ਵਿੱਚ ਭਰਾ ਦੀ ਮੌਤ ਹੋ ਗਈ। ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਬਿਲਕੁਲ ਇਕੱਲੇ ਪੈ ਗਏ। ਅੰਮ੍ਰਿਤਸਰ ਦੇ ਖਾਲਸਾ ਯਤੀਮਖਾਨੇ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ, ਜੋ ਉਨ੍ਹਾਂ ਦਾ ਘਰ ਬਣ ਗਿਆ।
13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਵਾਪਰਿਆ ਖੂਨੀ ਸਾਕਾ ਊਧਮ ਸਿੰਘ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ। ਇਸ ਸਾਕੇ ਵਿੱਚ ਅੰਗਰੇਜ਼ ਅਫਸਰ ਜਨਰਲ ਡਾਇਰ ਦੇ ਹੁਕਮਾਂ ‘ਤੇ ਸੈਂਕੜੇ ਨਿਰਦੋਸ਼ ਭਾਰਤੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਊਧਮ ਸਿੰਘ, ਜੋ ਉਸ ਸਮੇਂ ਯਤੀਮਖਾਨੇ ਦੇ ਵਿਦਿਆਰਥੀ ਸਨ, ਨੂੰ ਲਾਸ਼ਾਂ ਅਤੇ ਜ਼ਖਮੀਆਂ ਨੂੰ ਚੁੱਕਣ ਦੀ ਸੇਵਾ ਲਈ ਭੇਜਿਆ ਗਿਆ। ਬਾਗ਼ ਵਿੱਚ ਖੂਨ ਨਾਲ ਲਤਪਤ ਲਾਸ਼ਾਂ ਦੇ ਢੇਰ ਅਤੇ ਜ਼ਖਮੀਆਂ ਦੀਆਂ ਚੀਕਾਂ ਨੇ ਊਧਮ ਸਿੰਘ ਦੇ ਮਨ ‘ਤੇ ਡੂੰਘਾ ਅਸਰ ਪਾਇਆ।
ਉਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਓ’ਡਵਾਇਰ, ਜਿਸ ਨੂੰ ਇਸ ਸਾਕੇ ਦਾ ਮੁੱਖ ਜ਼ਿੰਮੇਵਾਰ ਮੰਨਿਆ ਜਾਂਦਾ ਸੀ, ਤੋਂ ਬਦਲਾ ਲੈਣ ਦੀ ਸਹੁੰ ਖਾਧੀ। ਓ’ਡਵਾਇਰ 30 ਮਈ 1919 ਨੂੰ ਇੰਗਲੈਂਡ ਵਾਪਸ ਚਲਾ ਗਿਆ ਅਤੇ ਉੱਥੇ ਆਪਣੀਆਂ ਵਹਿਸ਼ੀਆਨਾ ਹਰਕਤਾਂ ਨੂੰ ਬਹਾਦਰੀ ਦੱਸ ਕੇ ਵਡਿਆਈਆਂ ਖੱਟਣ ਲੱਗਾ। ਊਧਮ ਸਿੰਘ ਨੇ ਉਸ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ। ਅਗਲੇ 20 ਸਾਲ ਉਨ੍ਹਾਂ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੀ ਤਿਆਰੀ ਵਿੱਚ ਬਿਤਾਏ।
ਇਸ ਦੌਰਾਨ, ਊਧਮ ਸਿੰਘ ਨੇ ਵਿਦੇਸ਼ਾਂ ਵਿੱਚ ਆਪਣੀ ਪਹੁੰਚ ਵਧਾਈ ਅਤੇ ਕ੍ਰਾਂਤੀਕਾਰੀ ਸੰਗਠਨਾਂ ਨਾਲ ਜੁੜੇ। ਉਹ ਗ਼ਦਰ ਲਹਿਰ ਦੇ ਸੰਪਰਕ ਵਿੱਚ ਆਏ ਅਤੇ ਆਪਣੇ ਆਪ ਨੂੰ ਸੰਗਠਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਨਾਮ ਅਤੇ ਪਛਾਣਾਂ ਅਪਣਾਈਆਂ, ਜਿਵੇਂ ਕਿ ਸ਼ੇਰ ਸਿੰਘ, ਉਦੇ ਸਿੰਘ, ਅਤੇ ਫਰੈਂਕ ਬ੍ਰਾਜ਼ੀਲ, ਤਾਂ ਜੋ ਅੰਗਰੇਜ਼ ਸਰਕਾਰ ਦੀ ਨਜ਼ਰ ਤੋਂ ਬਚ ਸਕਣ। ਊਧਮ ਸਿੰਘ ਦੀ ਜ਼ਿੰਦਗੀ ਵਿੱਚ ਸੰਘਰਸ਼ ਅਤੇ ਕੁਰਬਾਨੀ ਦੀ ਮਿਸਾਲ ਸੀ। ਉਹ ਨਾ ਸਿਰਫ਼ ਆਪਣੇ ਨਿੱਜੀ ਦੁੱਖਾਂ ਨਾਲ ਜੂਝੇ, ਸਗੋਂ ਦੇਸ਼ ਦੀ ਆਜ਼ਾਦੀ ਲਈ ਵੀ ਅਣਥੱਕ ਮਿਹਨਤ ਕੀਤੀ।
ਉਨ੍ਹਾਂ ਦੀ ਦੇਸ਼ ਭਗਤੀ ਦਾ ਜਜ਼ਬਾ ਅਤੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਬਦਲਾ ਲੈਣ ਦੀ ਇੱਛਾ ਨੇ ਉਨ੍ਹਾਂ ਨੂੰ ਲੰਡਨ ਤੱਕ ਪਹੁੰਚਾਇਆ। 13 ਮਾਰਚ 1940 ਨੂੰ ਉਨ੍ਹਾਂ ਨੂੰ ਆਪਣਾ ਮੌਕਾ ਮਿਲਿਆ। ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਦੀ ਸਾਂਝੀ ਮੀਟਿੰਗ ਵਿੱਚ ਸਰ ਮਾਈਕਲ ਓ’ਡਵਾਇਰ ਸਮੇਤ ਕਈ ਅੰਗਰੇਜ਼ ਅਧਿਕਾਰੀ ਮੌਜੂਦ ਸਨ।
ਊਧਮ ਸਿੰਘ ਪਹਿਲਾਂ ਹੀ ਤਿਆਰੀ ਨਾਲ ਉੱਥੇ ਪਹੁੰਚ ਚੁੱਕੇ ਸਨ। ਮੀਟਿੰਗ ਦੌਰਾਨ, ਜਦੋਂ ਓ’ਡਵਾਇਰ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ, ਉਸ ਨੇ ਭਾਰਤ ਵਿੱਚ ਕੀਤੀਆਂ ਆਪਣੀਆਂ ਕਾਰਵਾਈਆਂ ਦਾ ਮਾਣ ਨਾਲ ਜ਼ਿਕਰ ਕੀਤਾ ਅਤੇ ਭਾਰਤੀਆਂ ਲਈ ਅਪਮਾਨਜਨਕ ਸ਼ਬਦ ਵਰਤੇ। ਭਾਸ਼ਣ ਖਤਮ ਹੁੰਦੇ ਹੀ ਊਧਮ ਸਿੰਘ ਨੇ ਆਪਣੀ ਰਿਵਾਲਵਰ ਕੱਢੀ ਅਤੇ ਪਹਿਲੀ ਗੋਲੀ ਓ’ਡਵਾਇਰ ਦੀ ਹਿੱਕ ਵਿੱਚ ਮਾਰੀ, ਜੋ ਉਸ ਦੇ ਸਰੀਰ ਵਿੱਚੋਂ ਪਾਰ ਹੋ ਗਈ। ਦੂਜੀ ਅਤੇ ਤੀਜੀ ਗੋਲੀ ਨਾਲ ਉਸ ਨੇ ਓ’ਡਵਾਇਰ ਨੂੰ ਮੌਕੇ ‘ਤੇ ਹੀ ਮਾਰ ਸੁੱਟਿਆ। ਇਸ ਕਾਰਵਾਈ ਨੇ ਪੂਰੇ ਹਾਲ ਵਿੱਚ ਹਫੜਾ-ਦਫੜੀ ਮਚਾ ਦਿੱਤੀ, ਪਰ ਊਧਮ ਸਿੰਘ ਨਿਡਰਤਾ ਨਾਲ ਆਪਣੀ ਥਾਂ ‘ਤੇ ਖੜ੍ਹੇ ਰਹੇ।
ਉਨ੍ਹਾਂ ਨੂੰ ਕੋਈ ਪਛਤਾਵਾ ਜਾਂ ਡਰ ਨਹੀਂ ਸੀ। ਊਧਮ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਬ੍ਰਿਸਟਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਸ ਵਿਰੁੱਧ ਮੁਕੱਦਮਾ ਚਲਾਇਆ ਗਿਆ, ਅਤੇ 5 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ, ਓਲਡ ਬੇਲੀ ਵਿੱਚ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਪੈਂਟਨਵਿਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜੇਲ੍ਹ ਵਿੱਚ ਵੀ ਊਧਮ ਸਿੰਘ ਦਾ ਜਜ਼ਬਾ ਨਾ ਟੁਟਿਆ। ਉਹ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਰਹੇ। ਅਖੀਰ, 31 ਜੁਲਾਈ 1940 ਨੂੰ ਉਨ੍ਹਾਂ ਨੇ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ।
ਊਧਮ ਸਿੰਘ ਦੀ ਸ਼ਹੀਦੀ ਨੇ ਨਾ ਸਿਰਫ਼ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਬਦਲਾ ਪੂਰਾ ਕੀਤਾ, ਸਗੋਂ ਭਾਰਤੀਆਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਲੌ ਨੂੰ ਹੋਰ ਤੇਜ਼ ਕਰ ਦਿੱਤਾ। ਉਨ੍ਹਾਂ ਦੀ ਕੁਰਬਾਨੀ ਨੇ ਅੰਗਰੇਜ਼ ਸਾਮਰਾਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਭਾਰਤੀ ਅਨਿਆਂ ਅਤੇ ਅੱਤਿਆਚਾਰ ਸਹਿਣ ਨਹੀਂ ਕਰਨਗੇ। ਊਧਮ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਸੰਘਰਸ਼, ਹਿੰਮਤ, ਅਤੇ ਦੇਸ਼ ਭਗਤੀ ਦੀ ਮਿਸਾਲ ਹੈ।ਉਨ੍ਹਾਂ ਦੇ ਜੀਵਨ ਤੋਂ ਸਿਖਣ ਵਾਲੀਆਂ ਕਈ ਗੱਲਾਂ ਹਨ। ਸਭ ਤੋਂ ਪਹਿਲਾਂ, ਉਨ੍ਹਾਂ ਦੀ ਅਡੋਲ ਹਿੰਮਤ ਅਤੇ ਟੀਚੇ ਪ੍ਰਤੀ ਸਮਰਪਣ।
20 ਸਾਲ ਤੱਕ ਇੱਕ ਮੁਸ਼ਕਿਲ ਮਿਸ਼ਨ ਨੂੰ ਪੂਰਾ ਕਰਨ ਦੀ ਤਿਆਰੀ ਅਤੇ ਅੰਗਰੇਜ਼ ਸਰਕਾਰ ਦੀ ਨਜ਼ਰ ਤੋਂ ਬਚਦੇ ਹੋਏ ਆਪਣੀ ਯੋਜਨਾ ਨੂੰ ਅੰਜਾਮ ਦੇਣਾ ਉਨ੍ਹਾਂ ਦੀ ਅਸਾਧਾਰਣ ਬੁੱਧੀ ਅਤੇ ਇਰਾਦੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਦੂਜਾ, ਉਨ੍ਹਾਂ ਦੀ ਦੇਸ਼ ਭਗਤੀ, ਜਿਸ ਨੇ ਨਿੱਜੀ ਦੁੱਖਾਂ ਅਤੇ ਮੁਸੀਬਤਾਂ ਨੂੰ ਪਿੱਛੇ ਛੱਡਦਿਆਂ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ।ਊਧਮ ਸਿੰਘ ਦੀ ਸ਼ਹੀਦੀ ਦਾ ਅਸਰ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਸੀ। ਇਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਅੰਗਰੇਜ਼ ਸਾਮਰਾਜ ਦੀ ਨੀਤੀਆਂ ‘ਤੇ ਸਵਾਲ ਉਠਾਏ। ਉਨ੍ਹਾਂ ਦੀ ਕਾਰਵਾਈ ਨੇ ਸਾਮਰਾਜੀ ਸ਼ਕਤੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਭਾਰਤੀ ਜਨਤਾ ਦੀ ਆਜ਼ਾਦੀ ਦੀ ਇੱਛਾ ਨੂੰ ਜ਼ਬਰਦਸਤੀ ਨਹੀਂ ਦਬਾਇਆ ਜਾ ਸਕਦਾ।
ਅੱਜ ਵੀ, ਸ਼ਹੀਦ ਊਧਮ ਸਿੰਘ ਦੀ ਕਹਾਣੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ, ਹਿੰਮਤ, ਅਤੇ ਸਮਰਪਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਦੀ ਕੁਰਬਾਨੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਆਜ਼ਾਦੀ ਦੀ ਕੀਮਤ ਬਹੁਤ ਮੁਸ਼ਕਿਲਾਂ ਅਤੇ ਕੁਰਬਾਨੀਆਂ ਨਾਲ ਚੁਕਾਈ ਗਈ ਹੈ, ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ।