ਗੁਰ ਅਰਜਨ ਵਿਟਹੁ ਕੁਰਬਾਣੀ।।
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦਾਂ ਦੇ ਸਿਰਤਾਜ, ਸਿੱਖ ਕੌਮ ਦੇ ਪਹਿਲੇ ਸ਼ਹੀਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਅਸੀਂ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਾਨ ਕੋਟਿ ਪ੍ਰਣਾਮ ਕਰਦੇ ਹਾਂ ਤੇ ਆਉ ਅੱਜ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਅਤੇ ਉਨ੍ਹਾਂ ਦੇ ਜੀਵਨ ਬਾਰੇ ਅਸੀਂ ਕੁੱਝ ਜਾਣ ਸਕੀਏ। ਸਿਰਫ ਜਾਣ ਹੀ ਨਹੀਂ, ਉਨ੍ਹਾਂ ਦੇ ਜੀਵਨ ‘ਚੋਂ ਕੁੱਝ ਨਾ ਕੁੱਝ ਆਪਣੇ ਜੀਵਨ ਵਿੱਚ ਜ਼ਰੂਰ ਧਾਰਨ ਕਰੀਏ।
ਸ਼੍ਰੀ ਗੁਰੂ ਅਰਜਨ ਦੇਵ ਜੀ ਇੱਕ ਐਸੀ ਸ਼ਖਸੀਅਤ ਹਨ, ਜਿਨ੍ਹਾਂ ਦੇ ਨਾਲ ਪਹਿਲੀ ਵਾਰ ਸ਼ਹੀਦ ਸ਼ਬਦ ਲੱਗਾ ਹੈ। ਅਸੀਂ ਜਦੋਂ ਵੀ ਉਨ੍ਹਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸ਼ਹੀਦਾਂ ਦੇ ਸਿਰਤਾਜ।
ਦੁਨੀਆ ਦੇ ਧਾਰਮਿਕ ਜਗਤ ਵਿੱਚ ਜਿੰਨੇ ਵੀ ਲੋਕਾਂ ਦੇ ਨਾਲ ਸ਼ਹੀਦ ਸ਼ਬਦ ਲੱਗਦਾ ਹੈ, ਉਨ੍ਹਾਂ ਦੇ ਕੋਲ ਜ਼ਿੰਦਗੀ ਜਿਊਣ ਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਉਹਨਾਂ ਦੇ ਵਾਸਤੇ ਸ਼ਹਾਦਤ ਬਸ ਕਤਲ ਦਾ ਇੱਕ ਫਤਵਾ ਹੁੰਦਾ ਸੀ।
ਜ਼ਿੰਦਗੀ ਜਿਊਣ ਦਾ ਇੱਕ ਖੁੱਲ੍ਹਾ ਦਰਵਾਜ਼ਾ ਸਿੱਖ ਕੌਮ ਦੇ ਧਾਰਮਿਕ ਜਗਤ ਵਿੱਚ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਮਿਲਿਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਨਕਾਰ ਕੇ ਮੌਤ ਨੂੰ ਸਵੀਕਾਰ ਕੀਤਾ ਸੀ। ਇਸ ਲਈ ਅਸੀਂ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਕਹਿੰਦੇ ਹਾਂ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਿਆ। ਸਿੱਖੀ ਦਾ ਵੱਧਦਾ ਪ੍ਰਚਾਰ, ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਸਨ, ਕਿਉਂਕਿ ਉਸ ਸਮੇਂ ਦਾ ਹਾਕਮ ਜਹਾਂਗੀਰ ਕੱਟੜ ਮੁਸਲਮਾਨ ਬਾਦਸ਼ਾਹ ਸੀ, ਜੋ ਸਿੱਖ ਧਰਮ ਤੋਂ ਈਰਖਾ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਸਿੱਖ-ਸਿਧਾਂਤ ਅਤੇ ਆਚਾਰ-ਵਿਹਾਰ ਦਾ ਨਿਆਰਾਪਨ ਅਤੇ ਉਸ ਦਾ ਦਿਨੋ-ਦਿਨ ਵੱਧ ਰਿਹਾ ਅਸਰ-ਰਸੂਖ਼ ਸਮੇਂ ਦੀ ਇਸਲਾਮੀ ਸਰਕਾਰ, ਕਰਮਕਾਂਡੀ ਸਿਸਟਮ ਅਤੇ ਕੱਟੜਪੰਥੀ ਸਲਾਹਕਾਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਸੀ।
ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਸਾਹਿਬ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤੱਤੀ ਤਵੀ ਉੱਪਰ ਬਿਠਾ ਕੇ, ਸਿਰ ਵਿੱਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਗਏ ਅਤੇ ਵਾਰ-ਵਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ, ਪਰ ਗੁਰੂ ਜੀ ਨਾ ਮੰਨੇ।
ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਕੋਲੋਂ ਨਾ ਰਿਹਾ ਗਿਆ। ਉਨ੍ਹਾਂ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਗੁਰੂ ਜੀ, ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿੱਚ ਤਪਾ ਛੱਡਿਆ ਹੈ, ਤੁਹਾਡਾ ਸਰੀਰ ਦਾ ਚਮ ਝੁਲਸ ਰਿਹਾ ਹੈ , ਜੇਕਰ ਹੁਕਮ ਹੋਵੇ ਤਾਂ ਮੈਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆਂ ? ਪਰ ਗੁਰੂ ਜੀ ਕਹਿ ਰਹੇ ਹਨ ਕਿ ਇੱਥੇ ਦੁਸ਼ਮਣ ਕਿਹੜਾ ਹੈ। ਉਨ੍ਹਾਂ ਫੁਰਮਾਇਆ :
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਫਿਰ ਉਸਨੇ ਕਿਹਾ ਕਿ ਪਾਤਸ਼ਾਹ, ਦਰਦ ਹੁੰਦਾ ਹੋਣਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਣੇ ਵਿੱਚ ਕੈਸਾ ਦਰਦ ਹੁੰਦਾ ਹੈ, ਗੁਰੂ ਸਾਹਿਬ ਜੀ ਨੇ ਫੁਰਮਾਇਆ :
ਤੇਰਾ ਕੀਆ ਮੀਠਾ ਲਾਗੈ।।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।
ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ, ਗੁਰੂ ਜੀ ਦੇ ਸਰੀਰ ਨੂੰ ਰਾਵੀ ਵਿੱਚ ਰੋੜਿਆ ਗਿਆ ਅਤੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ।
ਹੁਣ ਅਸੀਂ ਜਾਣਾਂਗੇ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨ ਕੀ ਸੀ। ਕਿਉਂ ਗੁਰੂ ਸਾਹਿਬ ਨੂੰ, ਇੱਕ ਪੈਗੰਬਰ ਨੂੰ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ।
ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਪਹਿਲਾ ਕਾਰਨ ਉਹ ਲੋਕ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਬਾਣੀ ਦਰਜ ਕਰਵਾਉਣਾ ਚਾਹੁੰਦੇ ਸਨ। ਚਾਰ ਕਵੀ ਕਾਨ੍ਹਾ, ਪੀਲੂ, ਛੱਜੂ ਅਤੇ ਹਸਨ ਪਾਤਸ਼ਾਹ ਕੋਲ ਆ ਕੇ ਕਹਿੰਦੇ ਹਨ ਕਿ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਖਿਲਾਫ ਕਾਨ੍ਹਾ, ਪੀਲੂ, ਛੱਜੂ ਅਤੇ ਹਸਨ ਦੀ ਚੁੱਕ ਵਿੱਚ ਆ ਕੇ ਬੀਰਬਲ ਨੇ ਗੁਰੂ ਸਾਹਿਬ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਪਰ ਯੂਸਫਜ਼ਈਆਂ ਨੇ ਬੀਰਬਲ ਨੂੰ ਅਫਗਾਨਿਸਤਾਨ ਦੀ ਸਰਹੱਦ ‘ਤੇ ਕਤਲ ਕਰ ਦਿੱਤਾ ਸੀ।
ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਦੂਜਾ ਕਾਰਨ ਸੀ ਸਖੀ ਸਰਵਰ ਮੱਤ। ਸਖੀ ਸਰਵਰ ਮੱਤ ਆਮ ਭੋਲੇ-ਭਾਲੇ ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਇਸਲਾਮ ਧਰਮ ਵਿੱਚ ਲੈ ਕੇ ਆਉਂਦਾ ਸੀ। ਪਰ ਗੁਰੂ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨੇ ਇਸ ਮੱਤ ਨੂੰ ਖਤਮ ਕਰ ਦਿੱਤਾ ਸੀ।