‘ਦ ਖਾਲਸ ਬਿਊਰੋ:ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਮੂਲ ਦੇ ਲਗਭਗ ਛੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਇਹਨਾਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਹਾਸਲ ਕੀਤਾ ਹੈ। ਜਿੱਤਣ ਵਾਲੇ ਸਾਰੇ ਛੇ ਉਮੀਦਵਾਰ ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਸਨ। ਪੰਜਾਬ ਦੇ ਮੋਗਾ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ 48 ਸਾਲ ਪਰਮ ਗਿੱਲ ਨੇ ਮਿਲਟਨ ਤੋਂ ਚੋਣ ਜਿੱਤੀ ਹੈ ਜਦੋਂ ਕਿ ਨੀਨਾ ਤਾਂਗੜੀ ਨੇ ਮਿਸੀਸਾਗਾ-ਸਟ੍ਰੀਟਸਵਿਲੇ ਤੋਂ ਚੋਣ ਜਿੱਤੀ ਹੈ। ਨੀਨਾ ਦਾ ਪਿਛੋਕੜ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਹੈ।


ਦੱਖਣੀ ਬਰੈਂਪਟਨ,ਜਿਸ ਨੂੰ ਪੰਜਾਬੀਆਂ ਦੀ ਸੰਘਣੀ ਆਬਾਦੀ ਲਈ ਜਾਣਿਆ ਜਾਂਦਾ ਹੈ,ਤੋਂ ਸਾਬਕਾ ਮੰਤਰੀ ਪ੍ਰਭਜੀਤ ਸਰਕਾਰੀਆ ਨੂੰ ਜਿੱਤ ਮਿਲੀ ਹੈ। ਚਾਰ ਸਾਲ ਪਹਿਲਾਂ ਓਂਟਾਰੀਓ ਵਿਚ ਕੈਬਨਿਟ ਮੰਤਰੀ ਬਣਨ ਵਾਲੇ ਪ੍ਰਭਜੀਤ ਸਰਕਾਰੀਆ ਪਹਿਲੇ ਪੱਗੜੀਧਾਰੀ ਸਿੱਖ ਸਨ। ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਪ੍ਰਭਜੀਤ ਸਰਕਾਰੀਆ ਦਾ ਪਰਿਵਾਰ ਸੰਨ 1980 ਵਿਚ ਕੈਨੇਡਾ ਆਇਆ ਸੀ ।

ਅਮਰਜੋਤ ਸੰਧੂ ਨੇ ਵੀ ਆਪਣੀ ਬਰੈਂਪਟਨ ਪੱਛਮੀ ਸੀਟ ਤੇ ਦੋਬਾਰਾ ਜਿੱਤ ਹਾਸਲ ਕੀਤੀ ਹੈ ਤੇ ਦੀਪਕ ਆਨੰਦ ਵੀ ਮਿਸੀਸਾਗਾ-ਮਾਲਟਨ ਤੋਂ ਜਿੱਤ ਗਏ ਹਨ।


ਇਸ ਤੋਂ ਇਲਾਵਾ ਪਰਮ ਗਿੱਲ, ਦੀਪਕ ਆਨੰਦ, ਹਰਦੀਪ ਗਰੇਵਾਲ, ਅਮਰਜੋਤ ਸੰਧੂ, ਨੀਨਾ ਤਾਂਗੜੀ ਵੀ ਆਪੋ-ਆਪਣੇ ਇਲਾਕਿਆਂ ਵਿਚ ਜਿੱਤੇ ਹਨ।

ਲਿਬਰਲ ਪਾਰਟੀ ਦੀ ਟਿਕਟ ਤੋਂ ਜਿਨਾਂ ਵੀ ਪੰਜਾਬੀਆਂ ਨੇ ਚੋਣ ਲੜੀ ਹੈ,ਉਹ ਸਾਰੇ ਹਾਰ ਗਏ ਹਨ। ਹਾਰਨ ਵਾਲੇ ਹੋਰਨਾਂ ਭਾਰਤੀ-ਕੈਨੇਡੀਅਨ ਉਮੀਦਵਾਰਾਂ ਵਿਚ ਦੀਪਿਕਾ ਡਮੇਰਲਾ ਤੇ ਹਰਿੰਦਰ ਮੱਲ੍ਹੀ ਸ਼ਾਮਲ ਹਨ। ਗਰੀਨ ਪਾਰਟੀ ਦੇ ਟਿਕਟ ’ਤੇ ਇਕ ਉਮੀਦਵਾਰ ਚੋਣ ਜਿੱਤਿਆ ਹੈ। ਜਗਮੀਤ ਸਿੰਘ ਦੀ ਪਾਰਟੀ ਨੇ ਐੱਨਡੀਪੀ ਚੋਣਾਂ ਵਿਚ 31 ਸੀਟਾਂ ਜਿੱਤੀਆਂ ਹਨ ਤੇ ਉਹ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਹੈ। ਜਗਮੀਤ ਸਿੰਘ ਦੀ ਪਾਰਟੀ ਦੀ ਟਿਕਟ ਤੋਂ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਨੇ ਵੀ ਚੋਣ ਲੜੀ ਪਰ ਉਹ ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਹਰਦੀਪ ਗਰੇਵਾਲ ਤੋਂ ਹਾਰੇ ਹਨ।

ਦੇਖਿਆ ਜਾਵੇ ਤਾਂ ਇਹ ਪਹਿਲਾ ਮੌਕਾ ਨਹੀਂ ਹੈ,ਜਦੋਂ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਮੱਲਾਂ ਮਾਰੀਆਂ ਹਨ।ਇਸ ਤੋਂ ਪਹਿਲਾਂ ਵੀ ਆਪਣੀ ਮਿਹਨਤ ਨਾਲ ਉਹਨਾਂ ਕਈ ਵੱਡੇ ਰਾਜਸੀ ਅਹੁਦੇ ਹਾਸਲ ਕੀਤੇ ਹਨ ਤੇ ਪੰਜਾਬ ਦਾ ਨਾਂ ਵਿਦੇਸ਼ੀ ਧਰਤੀ ਤੇ ਚਮਕਾਇਆ ਹੈ ।