ਬਿਹਾਰ : ਪਿਛਲੇ 24 ਘੰਟਿਆਂ ਦੌਰਾਨ ਬਿਹਾਰ ਦੇ ਸੱਤ ਜ਼ਿਲ੍ਹਿਆਂ ਵਿੱਚ ਛਠ ਪੂਜਾ ਦੌਰਾਨ ਵੱਖ-ਵੱਖ ਨਦੀਆਂ ਅਤੇ ਹੋਰ ਜਲ ਭੰਡਾਰਾਂ ਵਿੱਚ ਡੁੱਬਣ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸੇ 19 ਅਤੇ 20 ਨਵੰਬਰ ਨੂੰ ਛੱਠ ਦੇ ਤਿਉਹਾਰ ਦੌਰਾਨ ਸ਼ਾਮ ਅਤੇ ਸਵੇਰ ਦੀ ਅਰਘ ਦੌਰਾਨ ਵਾਪਰੇ ਸਨ।
ਹਾਦਸੇ ਵਿੱਚ ਮਰਨ ਵਾਲਿਆਂ ਅੰਕੜਾ
ਇਸ ਵਿਚ ਖਗੜੀਆ ਜ਼ਿਲ੍ਹੇ ’ਚ ਚਾਰ, ਪਟਨਾ ’ਚ ਜੁੜਵਾਂ ਭਰਾਵਾਂ, ਅਰਰੀਆ ਤੇ ਸਾਰਨ ਵਿਚ ਦੋ ਬੱਚੀਆਂ ਸਮੇਤ ਤਿੰਨ-ਤਿੰਨ, ਦਰਭੰਗਾ ’ਚ ਦੋ, ਸਮਸਤੀਪੁਰ, ਮਧੂਬਨੀ, ਵੈਸ਼ਾਲੀ, ਬੇਗੂਸਰਾਏ, ਸਹਿਰਸਾ, ਕਟਿਹਾਰ ਤੇ ਮਧੇਪੁਰਾ ਵਿਚ ਇਕ-ਇਕ ਦੀ ਮੌਤ ਹੋਈ। ਮ੍ਰਿਤਕਾਂ ਵਿਚ ਚਾਰ ਬੱਚੇ, ਸੱਤ ਨੌਜਵਾਨ, ਬੱਚੀ ਸਮੇਤ ਪੰਜ ਔਰਤਾਂ ਸ਼ਾਮਲ ਹਨ। ਉੱਥੇ ਦਰਭੰਗਾ ਵਿਚ ਜੂਆ ਖੇਡ ਰਹੇ ਨੌਜਵਾਨ ਪੁਲਿਸ ਆਉਣ ਦੀ ਭਿਣਕ ਪੈਣ ’ਤੇ ਭੱਜੇ ਸਨ, ਇਸ ਦੌਰਾਨ ਇਕ ਜਣੇ ਦੀ ਤਲਾਬ ’ਚ ਡੁੱਬਣ ਨਾਲ ਮੌਤ ਹੋ ਗਈ।
ਪਟਨਾ ’ਚ ਬ੍ਰਹਮਪੁਰ ਤਲਾਬ ’ਚ ਸੋਮਵਾਰ ਨੂੰ ਸਵੇਰੇ ਅਰਕ ਦੌਰਾਨ ਤਲਾਬ ’ਚ ਡੁੱਬ ਕੇ ਦੋ ਜੋੜੇ ਭਰਾਵਾਂ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ। ਘਟਨਾ ਤੋਂ ਭੜਕੇ ਲੋਕਾਂ ਨੇ ਨਿਊ ਬਾਈਪਾਸ ਸੜਕ ਨੂੰ ਜਗਨਪੁਰਾ ਦੇ ਨਜ਼ਦੀਕ ਜਾਮ ਕਰ ਦਿੱਤਾ ਤੇ ਆਵਾਜਾਈ ਚੈੱਕ ਪੋਸਟ ’ਚ ਭੰਨਤੋੜ ਕਰਦੇ ਹੋਏ ਸਾੜਫੂਕ ਕੀਤੀ।
ਸ਼ਾਹਪੁਰ ਦੇ ਰਹਿਣ ਵਾਲੇ ਟੈਂਪੂ ਚਾਲਕ ਗਿਰਜਾ ਸਿੰਘ ਦੀ ਪਤਨੀ ਮੀਨਾ ਦੇਵੀ ਨੇ ਛੱਠ ਵਰਤ ਰੱਖਿਆ ਸੀ। ਪਰਿਵਾਰਕ ਮੈਂਬਰਾਂ ਨਾਲ ਦੋਵੇਂ ਜੁੜਵਾਂ ਬੇਟੇ ਸੌਰਭ ਤੇ ਸਾਹਿਲ ਵੀ ਬ੍ਰਹਮਪੁਰ ਤਲਾਬ ਦੇ ਛੱਠ ਘਾਟ ’ਤੇ ਅਰਘ ਦੇਣ ਗਏ ਸਨ। ਦੋਵੇਂ ਜਣੇ ਮੱਛੀਆਂ ਵੇਚਣ ਵਾਲੇ ਸੰਤੋਸ਼ ਮਾਲਾ ਦੇ ਬੇਟੇ ਸਚਿਨ ਨਾਲ ਤਲਾਬ ’ਚ ਨਹਾਉਣ ਲਈ ਗਏ, ਇਸੇ ਦੌਰਾਨ ਤਿੰਨੋਂ ਡੁੱਬ ਗਏ।