ਤੁਰਕੀ ਦੇ ਹਤਾਏ ਸੂਬੇ ਵਿਚ ਕਈ ਵਾਹਨਾਂ ਦੀ ਹੋਈ ਟੱਕਰ ਵਿਚ 12 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 31 ਫੱਟੜ ਹੋ ਗਏ ਹਨ। ਨਿਊਜ਼ ਏਜੰਸੀ ਏਪੀ ਮੁਤਾਬਕ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਤੁਰਕੀ ਸਰਕਾਰ ਦੀ ਸਰਕਾਰੀ ਅਨਾਦੋਲੂ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਸ਼ਨੀਵਾਰ ਦੇਰ ਰਾਤ ਇਕ ਟਰੱਕ ਡਰਾਈਵਰ ਨੇ ਵਾਹਨ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਉਲਟ ਲੇਨ ‘ਚ ਜਾ ਵੜਿਆ, ਜਿਸ ਤੋਂ ਬਾਅਦ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਨਿਊਜ਼ ਏਜੰਸੀ ਮੁਤਾਬਕ ਇਸ ਦੌਰਾਨ 9 ਕਾਰਾਂ ਅਤੇ ਦੋ ਮਿੰਨੀ ਬੱਸਾਂ ਆਪਸ ‘ਚ ਟਕਰਾ ਗਈਆਂ, ਜਿਸ ‘ਚ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 31 ਲੋਕ ਜ਼ਖਮੀ ਹੋ ਗਏ।
ਏਪੀ ਨਿਊਜ਼ ਏਜੰਸੀ ਨੇ ਦੱਸਿਆ ਕਿ ਜਿਸ ਥਾਂ ‘ਤੇ ਇਹ ਹਾਦਸਾ ਹੋਇਆ, ਉਸ ਤੋਂ ਥੋੜ੍ਹੀ ਦੂਰੀ ‘ਤੇ ਇਕ ਪੈਟਰੋਲ ਪੰਪ ਹੈ, ਜਿੱਥੇ ਕਈ ਵਾਹਨ ਗੈਸ ਭਰਨ ਲਈ ਖੜ੍ਹੇ ਸਨ। ਗੈਸ ਸਟੇਸ਼ਨ ‘ਤੇ ਉਨ੍ਹਾਂ ਲੋਕਾਂ ਦੀ ਭੀੜ ਸੀ ਜੋ ਤੁਰਕੀ ਵਿੱਚ ਲਾਜ਼ਮੀ ਫੌਜੀ ਸੇਵਾ ਲਈ ਆਪਣੇ ਘਰ ਛੱਡ ਗਏ ਸਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਵਿਦਾ ਕਰਨ ਲਈ ਆਏ ਸਨ।
ਤੁਰਕੀ ਦੇ ਸਿਹਤ ਮੰਤਰੀ ਫਹਰੇਤਿਨ ਕੋਕਾ ਨੇ ਕਿਹਾ ਕਿ 22 ਐਂਬੂਲੈਂਸਾਂ ਅਤੇ ਤਿੰਨ ਮੈਡੀਕਲ ਬਚਾਅ ਟੀਮਾਂ ਨੂੰ ਤੁਰੰਤ ਤੋਪਬੋਗਜਾਲੀ ਵਿਚ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਭਿਆਨਕ ਹਾਦਸਾ ਇਸਕੇਂਡਰੁਨ-ਅੰਟਾਕਿਆ ਹਾਈਵੇਅ ‘ਤੇ ਵਾਪਰਿਆ। ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ‘ਪਰਮਾਤਮਾ ਸਾਡੇ ਨਾਗਰਿਕਾਂ ‘ਤੇ ਰਹਿਮ ਕਰੇ, ਜਿਨ੍ਹਾਂ ਨੇ ਆਪਣੀ ਜਾਨ ਗਵਾਈ, ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।’ ਉਨ੍ਹਾਂ ਨੇ ਅੱਗੇ ਲਿਖਿਆ ਕਿ ‘ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ ਕਿ ਜ਼ਖਮੀਆਂ ਜਲਦ ਤੋਂ ਜਲਦ ਠੀਕ ਹੋ ਜਾਣ।
ਤੁਰਕੀ ਦੀ ਇਕ ਨਿੱਜੀ ਨਿਊਜ਼ ਏਜੰਸੀ ਮੁਤਾਬਕ ਇਸ ਸਾਲ 6 ਫਰਵਰੀ ਨੂੰ ਇਹ ਟਰੱਕ ਦੇਸ਼ ‘ਚ ਆਏ ਇਕ ਤੋਂ ਬਾਅਦ ਇਕ ਭੂਚਾਲ ਦੇ ਕਈ ਝਟਕਿਆਂ ਦਾ ਮਲਬਾ ਲੈ ਕੇ ਜਾ ਰਿਹਾ ਸੀ। ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 7 ਵਜੇ (16:00 GMT) ਹਾਈਵੇਅ ਪਾਰ ਕਰਨ ਤੋਂ ਪਹਿਲਾਂ, ਇਹ ਇੱਕ ਹੋਰ ਟਰੱਕ ਨਾਲ ਟਕਰਾ ਗਿਆ ਅਤੇ ਉਲਟ ਲੇਨ ਵਿੱਚ ਚਲਾ ਗਿਆ। ਜਿਸ ਕਾਰਨ ਕਤਾਰ ਵਿੱਚ ਖੜ੍ਹੇ ਵਾਹਨ ਆਪਸ ਵਿੱਚ ਟਕਰਾ ਗਏ। ਚਸ਼ਮਦੀਦਾਂ ਮੁਤਾਬਕ ਮਰਨ ਵਾਲਿਆਂ ਵਿੱਚੋਂ ਕੁਝ ਦੀ ਮੌਤ ਗੱਡੀ ਵਿੱਚ ਸੜਨ ਕਾਰਨ ਹੋਈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਮੌਜੂਦ ਵੀਡੀਓਜ਼ ‘ਚ ਵਾਹਨਾਂ ਨੂੰ ਸੜਦੇ ਦੇਖਿਆ ਜਾ ਸਕਦਾ ਹੈ।
ਵੇਰਵਿਆਂ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦ ਇਕ ਟਰੱਕ ਚਾਲਕ ਵਾਹਨ ਤੋਂ ਕਾਬੂ ਗੁਆ ਬੈਠਾ ਤੇ ਇਹ ਉਲਟੇ ਪਾਸੇ ਚਲਾ ਗਿਆ। ਇਸ ਦੀ ਨੌਂ ਕਾਰਾਂ ਤੇ ਦੋ ਬੱਸਾਂ ਨਾਲ ਟੱਕਰ ਹੋਈ ਹੈ। ਕਈ ਵਾਹਨ ਇਕ ਗੈਸ ਸਟੇਸ਼ਨ ਲਾਗੇ ਸੜਕ ਦੇ ਦੂਜੇ ਪਾਸੇ ਪਾਰਕ ਸਨ। ਜਾਣਕਾਰੀ ਅਨੁਸਾ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ਉਤੇ ਤੁਰੰਤ ਐਂਬੂਲੈਂਸਾਂ ਤੇ ਮੈਡੀਕਲ ਟੀਮ ਨੂੰ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੁਰਕੀ ਵਿੱਚ 6 ਫਰਵਰੀ ਨੂੰ ਆਏ ਭੂਚਾਲ ਤੋਂ ਪ੍ਰਭਾਵਿਤ ਦੇਸ਼ ਦੇ 11 ਸੂਬਿਆਂ ਵਿੱਚੋਂ ਹੇਤੇ ਸਭ ਤੋਂ ਵੱਧ ਪ੍ਰਭਾਵਿਤ ਸੀ। ਇਸ ਭੂਚਾਲ ਨੇ ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ। ਸਰਕਾਰ ਦੇ ਮੁਤਾਬਕ ਤੁਰਕੀ ਵਿੱਚ ਘੱਟੋ ਘੱਟ 50,783 ਲੋਕਾਂ ਦੀ ਮੌਤ ਹੋ ਗਈ ਸੀ।