‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਤਵਾਰ ਨੂੰ ਸੂਬਿਆਂ ਦੇ ਨਾਲ ਬੈਠਕ ਕੀਤੀ। ਮੰਡਾਵੀਆ ਨੇ ਕਿਹਾ ਕਿ ਸੂਬਾ ਸਰਕਾਰਾਂ ਨੇ ਦੂਸਰੇ ਐਮਰਜੈਂਸੀ ਕੋਵਿਡ-19 ਪੈਕੇਜ ਵਿੱਚੋਂ ਸਿਰਫ਼ 17 ਫ਼ੀਸਦ ਰਕਮ ਦਾ ਇਸਤੇਮਾਲ ਸਿਹਤ ਵਿਵਸਥਾ ਦੇ ਬੁਨਿਆਦੀ ਢਾਂਚੇ ਉੱਪਰ ਕੀਤਾ ਹੈ। ਬੀਤੇ ਸਾਲ ਅਗਸਤ ਵਿੱਚ ਕੇਂਦਰੀ ਕੈਬਨਿਟ ਨੇ ਸੂਬਿਆਂ ਦੇ ਲਈ ਐਮਰਜੈਂਸੀ ਕੋਵਿਡ 19 ਪ੍ਰਤੀਕਿਰਿਆ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਜੋ ਸੂਬਾ ਸਰਕਾਰਾਂ ਸੁਪਰੀਮ ਕਰੋਨਾ ਮਹਾਂਮਾਰੀ ਦੇ ਖਿਲਾਫ਼ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਬਿਹਤਰ ਕਰ ਸਕਣ।
ਮੰਡਾਵੀਆ ਨੇ ਦੇਸ਼ ਵਿੱਚ ਲਗਾਤਾਰ ਵੱਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਸਿਹਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ। ਇਸ ਮੌਕੇ ਮੰਡਾਵੀਆ ਨੇ ਕਿਹਾ ਕਿ ਹੋਰ ਦੇਸ਼ਾਂ ਵਿੱਚ ਉਨ੍ਹਾਂ ਦੀ ਪਹਿਲਾਂ ਕਰੋਨਾ ਲਹਿਰ ਮੁਕਾਬਲੇ ਇਸ ਵਾਰ 3-4 ਗੁਣਾ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਭਾਰਤ ਵਿੱਚ ਵੀ ਮਾਮਲਿਆਂ ਦਾ ਵਾਧਾ ਡਾਕਟਰ ਪ੍ਰਣਾਲੀ ਨੂੰ ਹਾਵੀ ਕਰ ਸਕਦਾ ਹੈ। ਇਸ ਲ਼ਈ ਸੂਬਿਆਂ ਨੂੰ ਵੱਧਦੇ ਕੇਸਾਂ ਦੇ ਲਈ ਖੁਦ ਨੂੰ ਤਿਆਰ ਕਰਨਾ ਪਵੇਗਾ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਤਾਂ ਜੋ ਅਸੀਂ ਕੋਵਿਡ-19 ਦੀ ਇਸ ਲਹਿਰ ਤੋਂ ਬਚ ਸਕੀਏ।