ਬਿਉਰੋ ਰਿਪੋਰਟ: ਮਾਨਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਬਹੁਤ ਸਾਰੇ ਮਤੇ ਪਾਸ ਕੀਤੇ ਹਨ। ਇਨ੍ਹਾਂ ਵਿੱਚ ਸਖ਼ਤ ਫ਼ਰਮਾਨ ਵੀ ਸ਼ਾਮਲ ਹਨ। ਪਿੰਡ ਵਾਸੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਆਖਿਆ ਗਿਆ ਹੈ ਕਿ ਜੇ ਪਿੰਡ ਦਾ ਕੋਈ ਵੀ ਮੁੰਡਾ, ਕੁੜੀ ਜਾਂ ਪਰਿਵਾਰ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਪੰਚਾਇਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਿਚ ਲਵ ਮੈਰਿਜ ’ਤੇ ਵੀ ਪਾਬੰਧੀ ਲਾਈ ਗਈ ਹੈ। ਮਤੇ ਮੁਤਾਬਕ ਜੇ ਪਿੰਡ ਦਾ ਕੋਈ ਮੁੰਡਾ-ਕੁੜੀ ਪਿੰਡ ਵਿੱਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਿੰਡ ਦੀ ਪੰਚਾਇਤ ਵੱਲੋਂ ਪਾਸ ਕੀਤੇ ਸਾਰੇ ਮਤੇ
- ਪਿੰਡ ਵਿਚ ਆਉਣ ਵਾਲੇ ਮਹੰਤਾਂ ਦੀ ਵਧਾਈ 1100 ਰੁਪਏ ਹੋਵੇਗੀ।
- ਗੁਰੂ ਘਰ ਵਿਚ ਸਾਦਾ ਭੋਗ ਸਾਦੀ ਰੋਟੀ ਕੀਤੀ ਜਾਵੇਗੀ। ਜੇ ਕੋਈ ਮਿਠਾਈ ਜਾਂ ਪਕੌੜੇ ਬਣਾਉਣਾ ਚਾਹੁੰਦਾ ਹੈ ਤਾਂ 31 ਹਜ਼ਾਰ ਰੁਪਏ ਪੰਚਾਇਤ ਨੂੰ ਜਮ੍ਹਾ ਕਰਵਾਉਣੇ ਪੈਣਗੇ।
- ਸਵੇਰੇ ਸਕੂਲ ਸਮੇਂ ਬੱਸ ਅੱਡੇ ਵਿਚ ਜੇ ਕੋਈ ਮੁੰਡਾ ਬਿਨਾਂ ਕੰਮ ਤੋਂ ਖੜ੍ਹਦਾ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਪਿੰਡ ਦੇ ਚਾਰੇ ਪਾਸੇ ਬਿਨਾਂ ਕੰਮ ਤੋਂ ਨਾ ਖੜ੍ਹਿਆ ਜਾਵੇ।
- ਚਿੱਟਾ ਵੇਚਣ ਵਾਲਾ ਜਾਂ ਪੀਣ ਵਾਲੇ ਦਾ ਜੋ ਵੀ ਸਾਥ ਦਿੰਦਾ ਹੈ ਉਸ ਦਾ ਬਾਈਕਾਟ ਕੀਤਾ ਜਾਵੇਗਾ।
- ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਸਿਗਰੇਟ ਨਹੀਂ ਦੇਵੇਗਾ। ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15000 ਰੁਪਏ ਜੁਰਮਾਨਾ ਕੀਤਾ ਜਾਵੇਗਾ।
- ਪਿੰਡ ਦੇ ਚਾਰੇ ਪਾਸੇ ਗੰਦ ਨਾ ਫੈਲਾਇਆ ਜਾਵੇ। ਸੜਕ ਦੀ ਜਗ੍ਹਾ ਵਿਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਿੰਡ ਦੀ ਫਿਰਨੀ ’ਤੇ ਜੋ ਪਹਾੜੀ ਕਿੱਕਰਾਂ ਹਨ, ਉਹ ਕੋਈ ਵੀ ਕੱਟ ਸਕਦਾ ਹੈ। ਜੋ ਵੀ ਗੰਦ ਫੈਲਾਉਂਦਾ ਹੈ, ਉਸ ’ਤੇ ਕਾਰਵਾਈ ਹੋਵੇਗੀ।
- ਜੇ ਕੋਈ ਸਰਕਾਰੀ ਸੰਸਥਾ ਵਿਚ ਨੁਕਸਾਨ ਜਾਂ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਬਣਦੀ ਕਾਰਵਾਈ ਕਰੇਗੀ।
- ਪਿੰਡ ਦੇ ਸ਼ਮਸ਼ਾਨਘਾਟ, ਗਰਾਊਂਡ, ਵਾਟਰ ਵਰਕਸ ਅਤੇ ਪਾਰਕਾਂ ਵਿਚ ਕੁੱਤੇ ਅਤੇ ਬੱਕਰੀਆਂ ਨਾ ਲਿਜਾਈਆਂ ਜਾਣ। ਜੇਕਰ ਕੋਈ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਸਫ਼ਾਈ ਕਰਵਾਈ ਜਾਵੇਗੀ।
- ਵਾਟਰ ਵਰਕਸ ਪਾਣੀ ਦੇ ਬਿੱਲ ਦਿੱਤੇ ਜਾਣ, ਜੋ ਨਹੀਂ ਦਿੰਦਾ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
- ਨਾਲੀਆਂ ਦੀ ਸਫਾਈ ਲਈ 50 ਰੁਪਏ ਮਹੀਨਾ ਲਿਆ ਜਾਵੇਗਾ ਅਤੇ ਸਫਾਈ ਲਈ 100 ਰੁਪਏ ਮਹੀਨਾ ਲਿਆ ਜਾਵੇਗਾ।