Punjab

ਮਾਨਸਾ ਦੇ ਕਿਸਾਨ ਦੀ ਧੀ ਨੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ‘ਚੋਂ ਜਿੱਤਿਆ ਲੈਪਟਾਪ, ਸਿੱਖਿਆ ਮੰਤਰੀ ਦੀ ਮਿਲੀ ਵਧਾਈ

‘ਦ ਖ਼ਾਲਸ ਬਿਊਰੋ :- ਲਾਕਡਾਊਨ ‘ਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਦਿਆਰਥੀ ਦੀ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਰਾਹੀਂ ਸੂਬੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਸਨ। ਜਿਸ ਦਾ ਅੱਜ ਫੈਸਲਾ ਐਲਾਨਿਆ ਗਿਆ ਹੈ। ਮੁਕਾਬਲੇ ‘ਚੋਂ ਜੇਤੂ ਰਹੇ ਵਿਦਿਆਰਥੀਆਂ ਵਿੱਚੋਂ ਮਾਨਸਾ ਜ਼ਿਲ੍ਹੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ ’ਚ ਅੱਵਲ ਰਹਿਣ ’ਤੇ ਵਧਾਈ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋੜ ਪੈਣ ’ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ । ਸਿੱਖਿਆ ਮੰਤਰੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ’ਚੋਂ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮੁਕਾਬਲੇ ’ਚ ਲਾਜਵਾਬ ਪੇਸ਼ਕਾਰੀਆਂ ਭੇਜੀਆਂ ਗਈਆਂ ਸਨ ਜਿਸ ਕਾਰਨ ਜੇਤੂਆਂ ਦੀ ਚੋਣ ਲਈ ਸਾਨੂੰ ਬਹੁਤ ਬਾਰੀਕੀ ਨਾਲ ਵੀਡਿਓਜ਼ ਨੂੰ ਵਾਰ-ਵਾਰ ਵੇਖਣਾ ਪਿਆ।

ਦੱਸਣਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸ ਤਰ੍ਹਾਂ ਦੇ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲ੍ਹੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਮਾਨਸਾ ਜ਼ਿਲ੍ਹੇ ’ਚੋਂ ਇਸ ਮੁਕਾਬਲੇ ਲਈ 2,788 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ ’ਚੋਂ ਸਿੰਗਲ ਸਟਾਰਜ਼ ਸਕੂਲ ’ਚ ਪੰਜਵੀਂ ਕਲਾਸ ’ਚ ਪੜ੍ਹਦੀ ਵਿਰਾਸਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਮਨੂ ਵਾਟਿਕਾ ਸਕੂਲ ਬੁਢਲਾਡਾ ’ਚ ਦਸਵੀਂ ਕਲਾਸ ’ਚ ਪੜ੍ਹਦੇ ਜਸਨੂਰ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟਾਪ ਜਿੱਤਿਆ ਹੈ। ਇਸਦੇ ਨਾਲ ਹੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ’ਚ 12ਵੀਂ ਜਮਾਤ ’ਚ ਪੜ੍ਹਦੀ ਵਿਦਿਆਰਥਣ ਦਲਜੀਤ ਕੌਰ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।

ਪਹਿਲੇ ਸਥਾਨ ’ਤੇ ਰਹਿਣ ਵਾਲੀ ਵਿਰਾਸਤ ਦੇ ਪਿਤਾ ਨੇ ਦੱਸਿਆ ਕਿ ਉਹ ਭਵਿੱਖ ’ਚ ਰੁਜ਼ਗਾਰ ਦੇ ਨਾਲ-ਨਾਲ ਸਮਾਜ ਸੇਵਾ ਕਰਨਾ ਚਾਹੁੰਦੀ ਹੈ ਇਸੇ ਲਈ ਇਸ ਮੁਕਾਬਲੇ ’ਚ ਉਸਨੇ ਮਨੁੱਖ ਦੇ ਸਕਾਰਾਤਮਕ ਤੇ ਨਕਾਰਾਤਮਕ ਪੱਖ ਪੇਸ਼ ਕਰਦੀ ਇੱਕ ਵੀਡਿਓ ਬਣਾ ਕੇ ਭੇਜੀ ਸੀ।

ਇਸੇ ਤਰ੍ਹਾਂ ਦੂਸਰੇ ਸਥਾਨ ’ਤੇ ਰਹਿਣ ਵਾਲੇ ਜਸਨੂਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਲਾਕਡਾਊਨ ਦੌਰਾਨ ਇਹ ਪ੍ਰਤਿਭਾ ਖੋਜ ਮੁਕਾਬਲਾ ਲੈ ਕੇ ਆਉਣ ਲਈ ਧੰਨਵਾਦ ਕਰਦੇ ਹਨ, ਜਿਸ ਨਾਲ ਘਰਾਂ ’ਚ ਵਿਹਲੇ ਬੈਠੇ ਵਿਦਿਆਰਥੀਆਂ ਨੇ ਆਪਣਾ ਸਮਾਂ ਚੰਗੇ ਪਾਸੇ ਲਾਇਆ। ਉਸਨੇ ਦੱਸਿਆ ਕਿ ਉਹ ਭਵਿੱਖ ’ਚ ਸਿਵਲ ਸੇਵਾਵਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਪਰ ਨਾਲ ਹੀ ਉਸਨੂੰ ਭੰਗੜੇ ਅਤੇ ਪੇਂਟਿੰਗ ਦਾ ਬਹੁਤ ਸ਼ੌਕ ਹੈ।

ਤੀਸਰੇ ਸਥਾਨ ’ਤੇ ਰਹਿਣ ਵਾਲੀ ਦਲਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ ਪਰ ਦਲਜੀਤ ਚੰਗਾ ਪੜ੍ਹ ਲਿਖ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ ਜਿਸ ਲਈ ਉਹ ਹੁਣੇ ਤੋਂ ਹੀ ਉਸਦੀ ਤਿਆਰੀ ਕਰਵਾ ਰਹੇ ਹਨ।