ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨਾਬਾਲਗ ਲੜਕੇ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ।ਮਾਨਸਾ ਦੇ ਐਸ.ਐਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਇਸ ਬੱਚੇ ਵੱਲੋਂ ਦਿੱਤੀ ਗਈ ਧਮਕੀ ਦੇ ਗੈਂਗਸਟਰ ਦੀ ਕੜੀ ਸਾਹਮਣੇ ਨਹੀਂ ਆਈ ਹੈ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਧਮਕੀ ਦੇਣ ਵਾਲਾ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਉਸਦੀ ਉਮਰ 14 ਸਾਲ ਹੈ।ਉਹ ਰਾਜਸਥਾਨ ਦੇ ਡਾਗੇਵਾਸ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਧਮਕੀ ਬੱਚੇ ਨੇ ਈਮੇਲ ਦੇ ਜ਼ਰੀਏ ਦਿੱਤੀ ਗਈ ਸੀ । ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਨਾਬਾਲਿਗ ਲੜਕੇ ਦਾ ਕਿਸੇ ਵੀ ਗੈਂਗ ਜਾਂ ਗੈਂਗਸਟਰ ਨਾਲ ਕੋਈ ਨਾਤਾ ਨਹੀਂ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇਹ ਧਮਕੀ ਈ-ਮੇਲ ਅਤੇ ਮੋਬਾਈਲ ‘ਤੇ ਮੈਸੇਜ ਦੇ ਜ਼ਰੀਏ ਭੇਜੀ ਗਈ ਸੀ । ਉਨ੍ਹਾਂ ਨੂੰ ਕਿਹਾ ਗਿਆ ਸੀ ਤੁਸੀਂ ਵਾਰ-ਵਾਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਰਹੇ ਹੋ ਇਸ ਲਈ ਅਸੀਂ ਤੁਹਾਨੂੰ 25 ਅਪ੍ਰੈਲ ਤੱਕ ਮਾਰ ਦੇਵਾਂਗੇ । ਈ-ਮੇਲ ਵਿੱਚ ਸਲਮਾਨ ਖਾਨ ਦਾ ਵੀ ਨਾਂ ਵੀ ਲਿਖਿਆ ਹੈ ਅਤੇ ਉਸ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਗਿਆ ਹੈ । ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚੱਲੇ ਜਾਣ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਹੋ ਗਏ ਹਨ ਪਰ ਹੁਣ ਤੱਕ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਆ ਹੈ। ਇਸਦੇ ਨਾਲ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ।