Punjab

ਆਹ ਦਵਾਈ ਖਾਣ ਤੋਂ ਪਹਿਲਾਂ ਪੜ੍ਹ ਲਉ ਇਹ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਨੁੱਖ ਜਦੋਂ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਡਾਕਟਰ ਕੋਲ ਹੀ ਜਾਂਦਾ ਹੈ ਅਤੇ ਆਪਣਾ ਇਲਾਜ ਕਰਵਾਉਂਦਾ ਹੈ। ਆਪਣੀ ਬਿਮਾਰੀ ਦਾ ਪੂਰਾ ਭਰੋਸਾ ਉਹ ਡਾਕਟਰ ‘ਤੇ ਛੱਡ ਦਿੰਦਾ ਹੈ ਕਿ ਹੁਣ ਉਸਨੇ ਠੀਕ ਹੋ ਹੀ ਜਾਣਾ ਹੈ। ਪਰ ਜਦੋਂ ਕੋਈ ਦਵਾਈ ਸਾਡੇ ਸਰੀਰ ‘ਤੇ ਬੁਰਾ ਅਸਰ ਪਾਉਣ ਲੱਗ ਜਾਵੇ ਤਾਂ ਉਸ ਤੋਂ ਵੱਡੀ ਖਤਰਨਾਕ ਚੀਜ਼ ਕੋਈ ਵੀ ਨਹੀਂ ਹੋ ਸਕਦੀ। ਕਈ ਵਾਰ ਦਵਾਈ ਦੀ ਜ਼ਿਆਦਾ ਡੋਜ਼ ਲੈਣ ਨਾਲ ਸਰੀਰ ‘ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ।

ਮਾਨਸਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਈਏਐੱਸ ਮਹਿੰਦਰ ਪਾਲ ਨੇ ਧਾਰਾ 144 ਜ਼ਾਬਤਾ ਫੌਜਦਾਰੀ ਸੰਘਤਾ 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਸਾ ਵਿੱਚ ਸਿਰਫ਼ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਦਿੱਤੀ ਗਈ ਪ੍ਰੀਸਿਕਿਪਸ਼ਨ ਸਲਿੱਪ ਤੋਂ ਬਿਨਾਂ Pregabalin containing 300MG capsules ਦੀ ਸੇਲ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕਿਪਸ਼ਨ ਸਲਿੱਪ ‘ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਮੈਡੀਸਨ ਦੇਣ ਦੀ ਤਰੀਕ ਦਰਜ ਕੀਤੀ ਜਾਵੇਗੀ। ਆਈਏਐੱਸ ਵੱਲੋਂ ਮੌਜੂਦਾ ਸਥਿਤੀ ਦੀ ਤੱਤਪਰਤਾ ਨੂੰ ਵੇਖਦਿਆਂ ਇਹ ਇਕਤਰਫ਼ਾ ਹੁਕਮ ਪਾਸ ਕਰ ਦਿੱਤਾ ਹੈ।

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਵੱਲੋਂ ਅਖਬਾਰਾਂ, ਇਲੈੱਕਟ੍ਰੋਨਿਕ ਮੀਡੀਆ ਰਾਹੀਂ ਆਮ ਪਬਲਿਕ ਨੂੰ ਸੂਚਿਤ ਕਰਨ ਲਈ ਇਸ ਹੁਕਮ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਹੁਕਮ ਦੀਆਂ ਨਕਲਾਂ ਅਦਾਲਤ ਜ਼ਿਲ੍ਹਾ ਮੈਜਿਸਟ੍ਰੇਟ / ਵਧੀਕ ਜ਼ਿਲ੍ਹਾ ਮੈਜਿਸਟਰੇਟ / ਉਪ ਮੰਡਲ ਮੈਜਿਸਟਰੇਟ / ਤਹਿਸੀਲ ਦਫ਼ਤਰਾਂ / ਨਗਰ ਕੌਂਸਲਾਂ / ਬੀਡੀਪੀਓ ਦਫ਼ਤਰਾਂ ਦੇ ਨੋਟਿਸ ਬੋਰਡਾਂ ‘ਤੇ ਆਮ ਜਨਤਾ ਦੀ ਜਾਣਕਾਰੀ ਲਈ ਚਿਪਕਾਏ ਜਾਣਗੇ। ਮਹਿੰਦਰ ਪਾਲ ਨੇ ਦੱਸਿਆ ਕਿ Pregabalin containing 300MG capsules ਦੀ ਆਮ ਲੋਕਾਂ ਵਿੱਚ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕਈ ਲੋਕਾਂ ਵੱਲੋਂ ਇਸਨੂੰ ਨਸ਼ੇ ਦੇ ਤੌਰ ‘ਤੇ ਵਰਤੀ ਜਾ ਰਹੀ ਹੈ।