Punjab

ਪਿਉ ਨੇ ਧੀ ਦੇ ਵਿਆਹ ਲਈ ਮਕਾਨ ਖਾਲੀ ਕਰਵਾਇਆ ! ਫਿਰ ਸਭ ਕੁਝ ਖ਼ਤਮ !

ਬਿਊਰੋ ਰਿਪੋਰਟ : ਮਾਨਸਾ ਵਿੱਚ ਇੱਕ ਪਿਉ ਨੂੰ ਧੀ ਦੇ ਵਿਆਹ ਲਈ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾਉਣਾ ਮਹਿੰਗਾ ਪੈ ਗਿਆ। ਘਰ ਵਿੱਚ ਵੜ ਕੇ ਪਿਤਾ ‘ਤੇ ਤਾਬੜ-ਤੋੜ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਬਰੇਟਾ ਦੇ ਵਾਰਡ ਨੰਬਰ 3 ਦੀ ਟੋਹਾਨਾ ਬਸਤੀ ਵਿੱਚ ਰਿਟਾਇਰਡ ਪ੍ਰੇਮ ਕੁਮਾਰ ਦੇ ਘਰ ਸ਼ਗਨਾਂ ਦੀ ਤਿਆਰੀ ਸੀ। ਘਰ ਵਿੱਚ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਪਿਤਾ ਨੇ ਕਿਰਾਏਦਾਰਾਂ ਤੋਂ ਘਰ ਖਾਲੀ ਕਰਵਾਇਆ ਤਾਂ ਗੁੱਸੇ ਵਿੱਚ ਕਿਰਾਏਦਾਰਾਂ ਨੇ 2 ਹੋਰ ਸਾਥੀਆਂ ਨਾਲ ਮਿਲ ਕੇ ਪ੍ਰੇਮ ਕੁਮਾਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ । ਪੁਲਿਸ ਨੇ 2 ਕਿਰਾਏਦਾਰਾਂ ਦੇ ਨਾਲ 4 ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ ।

ਬਰੇਟਾ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼ ਜੋਕਿ ਫ਼ਤਿਹਾਬਾਦ ਦੇ ਰਹਿਣ ਵਾਲੇ ਸਨ ਉਨ੍ਹਾਂ ਨਾਲ ਕਿਰਾਏ ਨੂੰ ਲੈ ਕੇ ਲੈਣ-ਦੇਣ ਬਾਕੀ ਸੀ। ਪਤਨੀ ਨੇ ਕਿਹਾ ਧੀ ਦੇ ਸ਼ਗਨ ਦੇ ਪ੍ਰੋਗਰਾਮ ਤੋਂ 10 ਦਿਨ ਪਹਿਲਾਂ ਕਿਰਾਏਦਾਰਾਂ ਨੂੰ ਮਕਾਨ ਖ਼ਾਲੀ ਕਰਵਾਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਨਾਲ ਕੋਈ ਰੰਜਸ਼ ਨਹੀਂ ਸੀ । ਪ੍ਰੇਮ ਕੁਮਾਰ ਦੀ ਛੋਟੀ ਧੀ ਪਰਵਿੰਦਰ ਦਾ ਸੰਗਰੂਰ ਵਿੱਚ ਸ਼ਗਨ ਹੋਣਾ ਸੀ ।

ਖਾਣਾ ਖਾਣ ਵੇਲੇ ਘਰ ਵਿੱਚ ਫਾਇਰਿੰਗ

ਦੇਰ ਰਾਤ 2 ਮੋਟਰਸਾਈਕਲ ‘ਤੇ ਸਵਾਰ ਹੋਕੇ ਆਏ ਚਾਰ ਲੋਕਾਂ ਨੇ ਪ੍ਰੇਮ ਕੁਮਾਰ ਦੇ ਘਰ ਦਾ ਪਹਿਲਾਂ ਦਰਵਾਜ਼ਾ ਖੁਲ੍ਹਵਾਇਆ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ । ਖਾਣਾ ਖਾ ਰਹੇ ਪ੍ਰੋਮ ਕੁਮਾਰ ਨੂੰ ਗੋਲੀਆਂ ਲੱਗੀਆਂ,ਗੰਭੀਰ ਰੂਪ ਵਿੱਚ ਜ਼ਖ਼ਮੀ ਪ੍ਰੇਮ ਕੁਮਾਰ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ।

ਥਾਣਾ ਬਰੇਟਾ ਦੇ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਦੇ ਬਿਆਨ ‘ਤੇ 2 ਕਿਰਾਏਦਾਰਾਂ ਸਮੇਤ 4 ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਬੁਢਲਾਡਾ ਦੇ SHO ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਤਲ ਦਾ ਮਾਮਲਾ ਹੋਣ ਦੇ ਕਾਰਨ ਲਾਸ਼ ਦਾ ਪੋਸਟਮਾਰਟਮ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਕਰਵਾਇਆ ਜਾ ਰਿਹਾ ਹੈ।