ਮਾਨਸਾ : ਜਲੰਧਰ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ ਸਨ ਜਿੰਨਾਂ ਵਿੱਚੋ ਇੱਕ ਸੀ ਮਾਨਸਾ ਜ਼ਿਲ੍ਹੇ ਦੇ ਗੋਵਿੰਦਪੁਰਾ ਵਿੱਚ ਅਕੁਆਇਰ ਜ਼ਮੀਨ ‘ਤੇ ਪਾਵਰ ਪਲਾਂਟ ਲਗਾਉਣਾ । ਕੈਬਨਿਟ ਨੇ ਸੋਲਰ ਅਤੇ ਰੀਨਿਊਨਰ ਐਨਰਜੀ ਵਾਸਤੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਰ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ । ਬੀਕੇਯੂ ਏਕਤਾ ਸਿੱਧੂਪੁਰਾ ਦੀ ਅਗਵਾਈ ਵਿੱਚ ਭਾਰੀ ਰੋਸ ਜਤਾਇਆ ਗਿਆ । ਦਰਅਸਲ 2010 ਵਿੱਚ ਬਾਦਲ ਸਰਕਾਰ ਨੇ ਗੋਬਿੰਦਪੁਰਾ,ਸਿਰਸੀਵਾਲਾ,ਜਲਵੇੜਾ,ਬਰੇਟਾ ਅਤੇ ਦਿਆਲਪੁਰਾ ਦੀ ਜਮੀਨ ਇੱਕ ਨਿੱਜੀ ਕੰਪਨੀ ਪਿਊਨਾ ਪਾਵਰ ਨੂੰ ਥਰਮਲ ਪਲਾਂਟ ਲਾਉਣ ਲਈ ਐਕਵਾਇਰ ਕਰਕੇ ਦਿੱਤੀ ਸੀ । ਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਅਤੇ ਮਜਦੂਰਾਂ ਨੂੰ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ । ਪਰ ਹੁਣ ਤੱਕ ਇਹ ਜਮੀਨ ਖਾਲੀ ਪਈ ਹੈ ਅਤੇ ਨਾ ਹੀ ਕੋਈ ਥਰਮਲ ਪਲਾਂਟ ਲੱਗਿਆ ਅਤੇ ਨਾ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ।
ਕਿਸਾਨ ਯੂਨੀਅਨ ਦੀ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਮੁੱਖ ਮੰਤਰੀ ਮਾਨ ਵੱਲੋ ਐਲਾਨੇ ਸੋਲਰ ਪਲਾਂਟ ਦਾ ਵਿਰੋਧ ਕੀਤਾ ਹੈ । ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨਾਲ ਕੀਤੀ ਵਾਅਦਾ ਖਿਲਾਫ਼ੀ ਬਰਦਾਸ਼ਤ ਯੋਗ ਨਹੀ ਹੈ । ਜੇਕਰ ਸਰਕਾਰ ਆਪਣੇ ਦਿੱਤੇ ਬਿਆਨ ਉੱਤੇ ਬਜਿੱਦ ਰਹੀ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਲੜਿਆ ਜਾਵੇਗਾ । ਅੱਜ ਗੋਬਿੰਦਪੁਰਾ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਤਰਸੇਮ ਸਿੰਘ, ਸੋਹਨ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ ।