ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਕੋਰਟ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬਤੌਰ ਗਵਾਹ ਅਗਲੀ ਤਰੀਕ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਦੇ ਤੌਰ ’ਤੇ ਪੇਸ਼ ਹੋਣ ਦੀ ਮੂਸੇਵਾਲਾ ਦੇ ਵਕੀਲਾਂ ਨੂੰ ਨਿਰਦੇਸ਼ ਦਿੱਤੇ ਹਨ। ਜਿਸ ਵੇਲੇ ਸਿੱਧੂ ਮੂਸੇਵਾਲਾ ਤੇ ਹਮਲਾ ਹੋਇਆ ਸੀ ਇਹ ਦੋਵੇਂ ਗੱਡੀ ਵਿੱਚ ਮੌਜੂਦ ਸਨ। ਅਦਾਲਤ ਵਿੱਚ ਗਵਾਹਾਂ ਦੇ ਨਾ ਪਹੁੰਚਣ ਦੀ ਵਜ੍ਹਾ ਕਰਕੇ ਕੋਰਟ ਨੇ ਅਗਲੀ ਤਰੀਕ 26 ਜੁਲਾਈ 2024 ਤੈਅ ਕਰ ਦਿੱਤੀ ਹੈ।
ਮਾਨਸਾ ਦੇ ਪਿੰਡ ਮੂਸਾ ਵਿੱਚ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਜਵਾਹਰ ਕੇ ਪਿੰਡ ਵਿੱਚ ਕਤਲ ਹੋਇਆ ਸੀ। 2 ਦੋਸਤਾਂ ਦੇ ਨਾਲ ਬਿਨਾਂ ਸਕਿਉਰਟੀ ਮੁਲਾਜ਼ਮਾਂ ਦੇ ਜੀਪ ਵਿੱਚ ਜਾਂਦੇ ਵਕਤ ਪੰਜਾਬ ਅਤੇ ਹਰਿਆਣਾ ਦੇ 6 ਸ਼ੂਟਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ।
29 ਮਈ 2022 ਨੂੰ ਸਿੱਧੂ ਮੂਸੇਵਾਲਾ ਆਪਣੀ ਕਾਲੇ ਰੰਗ ਦੀ ਥਾਰ ’ਤੇ ਨਿਕਲਿਆ ਸੀ। ਉਸੇ ਵੇਲੇ ਗੋਲਡੀ ਬਰਾੜ ਅਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਚੱਲਾ ਦਿੱਤੀਆਂ। ਜਿਸ ਦੀ ਵਜ੍ਹਾ ਕਰਕੇ ਸਿੱਧੂ ਦੀ ਮੌਤ ਹੋ ਗਈ। ਮੂਸੇਵਾਲਾ ਨੂੰ ਗਏ ਹੋਏ ਭਾਵੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹ ਹੁਣ ਵੀ ਆਪਣੇ ਗੀਤਾਂ ਨਾਲ ਲੋਕਾਂ ਵਿੱਚ ਜਿਊਂਦਾ ਹੈ। ਮੌਤ ਦੇ ਬਾਅਦ ਸਿੱਧੂ ਦਾ 7ਵਾਂ ਗਾਣਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਜਿਸ ਨੇ ਹੁਣ ਤੱਕ 8 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ।