The Khalas Tv Blog Punjab ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ! ਜ਼ਮਾਨਤ ਪਟੀਸ਼ਨ ਵਾਪਸ ! ਵਿਦੇਸ਼ ਭੱਜਣ ਦੇ ਸ਼ੱਕ ਤੋਂ ਬਾਅਦ LOC ਜਾਰੀ
Punjab

ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ! ਜ਼ਮਾਨਤ ਪਟੀਸ਼ਨ ਵਾਪਸ ! ਵਿਦੇਸ਼ ਭੱਜਣ ਦੇ ਸ਼ੱਕ ਤੋਂ ਬਾਅਦ LOC ਜਾਰੀ

ਬਿਉਰੋ ਰਿਪੋਰਟ : ਬਠਿੰਡਾ ਲੈਂਡ ਅਲਾਟਮੈਂਟ ਕੇਸ ਵਿੱਚ ਫਸੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ । ਐਡੀਸ਼ਨਲ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਬਠਿੰਡਾ ਦਲਜੀਤ ਕੌਰ ਦੀ ਕੋਰਟ ਨੇ ਇਹ ਵਾਰੰਟ ਜਾਰੀ ਕੀਤਾ ਹੈ। ਇਸ ਵਿੱਚ ਬਠਿੰਡਾ ਵਿਜੀਲੈਂਸ ਬਿਉਰੋ ਥਾਣੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਵਿਦੇਸ਼ ਜਾਣ ਦੀ ਸੰਭਾਵਨਾ ਦੀ ਵਜ੍ਹਾ ਕਰਕੇ ਲੁਕ ਆਉਟ ਸਰਕੁਲਰ (LOC) ਜਾਰੀ ਕਰ ਦਿੱਤਾ ਗਿਆ ਹੈ ਤਾਂਕੀ ਉਹ ਦੇਸ਼ ਛੱਡ ਕੇ ਨਾ ਜਾਣ । ਉਧਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ। ਮਨਪ੍ਰੀਤ ਬਾਦਲ ਨੇ ਸੈਸ਼ਨ ਕੋਰਟ ਤੋਂ ਅਗਾਊ ਜ਼ਮਾਨਤ ਮੰਗੀ ਸੀ । ਉਨ੍ਹਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਕਿਹਾ ਜਦੋਂ ਪਟੀਸ਼ਨ ਪਾਈ ਸੀ ਤਾਂ ਜਾਂਚ ਚੱਲ ਰਹੀ ਸੀ । ਅਸੀਂ ਇਹ ਦਲੀਲ ਦਿੱਤੀ ਸੀ ਕਿ ਬਿਨਾਂ ਕੇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਕਹਿ ਰਹੇ ਹਨ ਕਿ ਮਨਪ੍ਰੀਤ ਨੂੰ ਅੰਦਰ ਕਰਨਗੇ । ਇਸੇ ਨੂੰ ਲੈਕੇ ਅਸੀਂ ਕੋਰਟ ਗਏ ਸੀ ਕਿ ਬਦਲਾਖੋਰੀ ਦੀ ਸਿਆਸਤ ਹੋ ਰਹੀ ਹੈ । ਇਸ ਮਾਮਲੇ ਵਿੱਚ ਕੋਰਟ ਨੇ ਵਿਜੀਲੈਂਸ ਨੂੰ ਨੋਟਿਸ ਦਿੱਤਾ। ਪਰ ਕਿਉਂਕਿ ਹੁਣ ਕੇਸ ਦਰਜ ਹੋ ਗਿਆ ਹੈ ਇਸ ਲਈ ਮਨਪ੍ਰੀਤ ਦੇ ਵਕੀਲ ਨਵੇਂ ਤੱਥਾਂ ਨਾਲ ਪਟੀਸ਼ਨ ਦਾਇਰ ਕਰਨਗੇ।

ਜ਼ਮਾਨਤ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਮਨਪ੍ਰੀਤ ਦੀ ਤਲਾਸ਼ ਵਿੱਚ ਵਿਜੀਲੈਂਸ ਬਿਉਰੋ ਨੇ ਸੋਮਵਾਰ ਨੂੰ ਮੁਕਤਸਰ ਪਿੰਡ ਬਾਦਲ ਰੇਡ ਕੀਤੀ ਹੈ । ਹਾਲਾਂਕਿ ਮਨਪ੍ਰੀਤ ਉੱਥੇ ਨਹੀਂ ਸਨ।

ਜਾਂਚ ਦੌਰਾਨ ਖ਼ੁਲਾਸਾ

ਵਿਜੀਲੈਂਸ ਨੇ ਜਾਂਚ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਸਾਲ 2018 ਤੋਂ ਮਾਡਲ ਟਾਊਨ ਫ਼ੇਜ਼ ਵਨ ਬਠਿੰਡਾ ਵਿੱਚ ਟੀਵੀ ਟਾਵਰ ਦੇ ਕੋਲ ਇੱਕ ਪਲਾਟ ਖ਼ਰੀਦਣ ਦੀ ਸਾਜ਼ਸ਼ ਰਚੀ ਜਾ ਰਹੀ ਸੀ। ਜਿਸ ਕਾਰਨ ਪੁੱਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਪਲਾਟਾਂ ਦੇ ਜਾਅਲੀ ਨੰਬਰ ਆਪਣੇ ਤੌਰ ‘ਤੇ ਲਗਾ ਲਏ। ਫਿਰ 2018 ਵਿੱਚ ਈ-ਆਕਸ਼ਨ ਦੇ ਜ਼ਰੀਏ ਇੱਕ ਈਵੈਂਟ ਕਰਕੇ ਬੋਲੀ ਕਰਵਾਉਣ ਦਿਖਾਇਆ ਗਿਆ। ਪਰ, ਆਨਲਾਈਨ ਈ-ਨਿਲਾਮੀ ਪੋਰਟਲ ‘ਤੇ ਬੋਲੀ ਲਗਾਉਂਦੇ ਸਮੇਂ ਨਕਸ਼ਾ ਅੱਪਲੋਡ ਨਹੀਂ ਕੀਤਾ ਗਿਆ ਸੀ। ਪਲਾਟਾਂ ਦੀ ਸਥਿਤੀ ਦਾ ਪਤਾ ਨਾ ਹੋਣ ਕਾਰਨ ਕਿਸੇ ਵੀ ਬੋਲੀਕਾਰ ਨੇ ਹਿੱਸਾ ਨਹੀਂ ਲਿਆ। ਜਿਸ ਕਾਰਨ ਇਹ ਜਗ੍ਹਾ ਵਿਕ ਨਹੀਂ ਸਕੀ।

ਇਸ ਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਿਰਫ਼ ਦਿਖਾਵੇ ਲਈ ਕੀਤੀ ਗਈ ਸੀ। 2018 ਵਿੱਚ ਬੋਲੀ ਦੇ ਸਮੇਂ ਵਰਗ ਮੀਟਰ ਦਾ ਰੇਟ 29 ਹਜ਼ਾਰ 900 ਰੁਪਏ ਤੈਅ ਕੀਤਾ ਗਿਆ ਸੀ। ਸਾਲ 2021 ਦੌਰਾਨ ਵੀ ਇਸੇ ਦਰ ‘ਤੇ ਬੋਲੀ ਲਗਾਈ ਗਈ ਸੀ। ਇਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ 2018 ਵਿੱਚ ਹੋਈ ਬੋਲੀ ਵਿੱਚ ਇਹ ਪਲਾਟ ਨਹੀਂ ਵੇਚੇ ਗਏ ਸਨ।

Exit mobile version